Harjeet Grewal: ਭਾਰਤ ਤੇ ਕੈਨੇਡਾ ਵਿਚਾਲੇ ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਛਿੜਿਆ ਵਿਵਾਦ ਵਧਦਾ ਹੀ ਜਾ ਰਿਹਾ ਹੈ। ਇਸ ਨੂੰ ਲੈ ਕੇ ਹੁਣ ਭਾਰਤ ਸਰਕਾਰ ਨੇ ਹੁਣ ਕੈਨੇਡਾ ਦੇ ਨਾਗਰਿਕਾਂ ਲਈ ਵੀਜ਼ਿਆਂ ਉੱਤੇ ਰੋਕ ਲਾ ਦਿੱਤੀ ਹੈ ਜਿਸ ਦਾ ਭਾਜਪਾ ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰ ਹਰਜੀਤ ਸਿੰਘ ਗਰੇਵਾਲ ਨੇ ਸਮਰਥਣ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਸਟੈਂਡ ਬਿਲਕੁਲ ਸਹੀ ਹੈ।


ਜੇ ਦੇਸ਼ ਮਜ਼ਬੂਤ ਹੈ ਤਾਂ ਹੀ ਪੰਜਾਬ ਮਜ਼ਬੂਤ ਹੈ-ਗਰੇਵਾਲ


ਹਰਜੀਤ ਗਰੇਵਾਲ ਨੇ ਕਿਹਾ ਕਿ ਭਾਰਤ ਸਰਕਾਰ ਨੇ ਮਜਬੂਰ ਹੋ ਕੇ ਕੈਨੇਡਾ ਦੇ ਨਾਗਰਿਕਾਂ ਉੱਤੇ ਰੋਕ ਲਈ ਹੈ ਕਿਉਂਕਿ ਕੈਨੇਡਾ ਸਰਕਾਰ ਦਾ ਵਿਵਵਾਰ ਠੀਕ ਨਹੀਂ ਹੈ। ਅੱਤਵਾਦ ਨੂੰ ਵਧਾਵਾ ਦੇਣਾ ਕੈਨੇਡਾ ਲਈ ਵੀ ਠੀਕ ਨਹੀਂ ਹੈ। ਇਸ ਦੇ ਨਾਲ ਹੀ ਗਰੇਵਾਲ ਨੇ ਕਿਹਾ ਕਿ ਜੋ ਲੀਡਰ ਜਾਂ ਸਿੱਖ ਬੁੱਧੀਜੀਵੀ ਟੀਵੀ ਦੀ ਡਿਬੇਟ ਵਿੱਚ ਜਾ ਕੇ ਪੰਜਾਬ ਨੂੰ ਦੇਸ਼ ਨਾਲੋਂ ਵੱਖ ਕਰਕੇ ਵੇਖਦੇ ਹਨ ਉਹ ਗ਼ਲਤ ਹੈ। ਇਸ ਨਾਲ ਲੋਕਾਂ ਵਿੱਚ ਗ਼ਲਤ ਸੁਨੇਹਾ ਜਾਂਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਅਜਿਹੀ ਬਿਆਨਬਾਜ਼ੀ ਨਾ ਕੀਤੀ ਜਾਵੇ ਕਿਉਂਕਿ ਜੇ ਦੇਸ਼ ਮਜ਼ਬੂਤ ਹੈ ਤਾਂ ਹੀ ਪੰਜਾਬ ਮਜ਼ਬੂਤ ਹੈ, ਦੇਸ਼ ਤੋਂ ਬਿਨਾਂ ਪੰਜਾਬ ਅਲੱਗ ਕੁਝ ਵੀ ਨਹੀਂ ਹੈ।


ਇਸ ਦੇ ਨਾਲ ਹੀ ਉਨ੍ਹਾਂ ਲੀਡਰਾਂ ਨੂੰ ਅਪੀਲ ਕੀਤੀ ਕਿ ਅੰਤਰਰਾਸ਼ਟਰੀ ਮੁੱਦਾ ਹੈ ਇਸ ਲਈ ਇਸ ਉੱਤੇ ਸੰਜਮ ਨਾਲ ਗੱਲ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ ਹਲਾਤ ਇਹੋ ਜਿਹੇ ਹਨ ਕਿ ਕੋਈ ਵੀ ਦੂਜਾ ਦੇਸ਼ ਭਾਰਤ ਨਾਲ ਪੰਗਾ ਨਹੀਂ ਲੈ ਸਕਦਾ। ਕੈਨੇਡਾ ਨੇ ਇਸ ਮਾਮਲੇ ਵਿੱਚ ਜਿਹੜੇ ਦੂਜੇ ਦੇਸ਼ਾਂ ਲਈ ਹਿਮਾਇਤ ਮੰਗੀ ਸੀ ਉਨ੍ਹਾਂ ਨੇ ਵੀ ਹੱਥ ਪਿੱਛੇ ਖਿੱਚ ਲਿਆ ਹੈ ਕਿਉਂਕਿ ਕੈਨੇਡਾ ਕੋਲ ਇਸ ਦਾ ਕੋਈ ਸਬੂਤ ਨਹੀਂ ਹੈ।


ਆਪਸੀ ਝਗੜਿਆਂ ਕਰਕੇ ਨਿੱਝਰ ਦਾ ਹੋਇਆ ਕਤਲ


ਗਰੇਵਾਲ ਨੇ ਕੈਨੇਡਾ ਵਿੱਚ ਹੋਏ ਕਤਲ ਬਾਰੇ ਕਿਹਾ ਕਿ ਨਿੱਝਰ ਅੱਤਵਾਦੀ ਸੀ ਉਸ ਦਾ ਉੱਥੋਂ ਦੇ ਝਗੜਿਆਂ ਕਰਕੇ ਕਤਲ ਹੋਇਆ ਸੀ। ਉਨ੍ਹਾਂ ਦਾ ਗੁਰੂਘਰਾਂ ਉੱਤੇ ਕਬਜ਼ੇ ਕਰਨ ਨੂੰ ਲੈ ਕੇ ਵਿਵਾਦ ਸੀ। ਇਸ ਵਿੱਚ ਭਾਰਤ ਸਰਕਾਰ ਕੀ ਕਰ ਸਕਦੀ ਹੈ ਇਹ ਸਾਰੀ ਕਮੀ ਕੈਨੇਡਾ ਸਰਕਾਰ ਦੀ ਹੈ। ਇਸ ਬਾਰੇ ਭਾਰਤ ਸਰਕਾਰ ਦਾ ਸਟੈਂਡ ਬਿਲਕੁੱਲ ਸਪੱਸ਼ਟ ਹੈ।