ਚੰਡੀਗੜ੍ਹ: ਰਣਜੀਤ ਸਿੰਘ ਬ੍ਰਹਮਪੁਰਾ ਨੇ ਅੱਜ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਦੀਆਂ ਅਕਾਲੀ ਦਲ ਜਾਂ ਪ੍ਰਕਾਸ਼ ਸਿੰਘ ਬਾਦਲ ਨਾਲ ਸਮਝੌਤੇ ਦੀਆਂ ਸਾਰੀਆਂ ਸੰਭਾਵਨਾਵਾ ਖ਼ਤਮ ਹੋ ਚੁੱਕੀਆਂ ਹਨ ਕਿਉਂਕਿ ਉਹ ਪਾਰਟੀ ਇੱਕ ਪਰਿਵਾਰ ਤੇ ਸਰਮਾਏਦਾਰਾਂ ਦੀ ਬਣ ਕੇ ਰਹਿ ਗਈ ਹੈ ਜਦਕਿ ਉਹ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰ ਚੁੱਕੇ ਹਾਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸੂਬੇ ਭਰ ਦੇ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ ਅਤੇ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਹਿਦ ਲੈ ਕੇ ਲੋਕਾਂ ਦੀ ਸੇਵਾ ਲਈ ਵੱਖਰੀ ਪਾਰਟੀ ਬਣਾਵਾਂਗੇ।


ਅਕਾਲੀਆਂ ਸਬੰਧੀ ਬ੍ਰਹਮਪੁਰਾ ਨੇ ਕਿਹਾ ਕਿ ਲੋਕ ਇਨ੍ਹਾਂ ਨੂੰ ਕਿਵੇਂ ਮੁਆਫ ਕਰਨਗੇ, ਇਨ੍ਹਾਂ ਨੇ ਡੇਰਾ ਸਿਰਸਾ ਵਾਲੇ ਸਾਧ ਨਾਲ ਰਲ਼ ਕੇ ਇਕ ਪਾਸੇ ਸੌਦੇਬਾਜ਼ੀਆਂ ਕੀਤੀਆਂ ਤੇ ਦੂਜੇ ਪਾਸੇ ਨਿਰਦੋਸ਼ ਲੋਕਾਂ ਉੱਪਰ ਗੋਲੀਆਂ ਚਲਵਾਈਆਂ, ਇਨ੍ਹਾਂ ਨੂੰ ਮਾਫੀ ਕਿੱਥੋਂ ਮਿਲੇਗੀ? ਬ੍ਰਹਮਪੁਰਾ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫੀ ਮੰਗਣ ਸਬੰਧੀ ਉਨ੍ਹਾਂ ਕਿਹਾ ਕਿ ਉਨ੍ਹਾਂ ਮਾਮੂਲੀ ਗਲਤੀ ਲਈ ਮੁਆਫ਼ੀ ਮੰਗੀ ਸੀ ਅਤੇ ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਪਰਿਵਾਰ ਨੇ ਬੱਜਰ ਗਲਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮੁਆਫੀ (ਅਕਾਲੀ ਦਲ ਦੀ) ਵਿੱਚ ਤੇ ਉਸ ਮੁਆਫੀ ਫਰਕ ਹੈ।

ਰਣਜੀਤ ਸਿੰਘ ਬ੍ਰਹਮਪੁਰਾ ਅਤੇ ਰਤਨ ਸਿੰਘ ਅਜਨਾਲਾ ’ਤੇ ਪੁੱਤਰ ਮੋਹ ਦੇ ਲੱਗ ਰਹੇ ਇਲਜ਼ਾਮਾਂ ਸਬੰਧੀ ਬ੍ਰਹਮਪੁਰਾ ਨੇ ਕਿਹਾ ਕਿ ਉਨ੍ਹਾਂ ਬਹੁਤ ਲੰਬਾ ਸਮਾਂ ਪਾਰਟੀ ਦੀ ਸੇਵਾ ਕੀਤੀ ਅਤੇ ਉਨ੍ਹਾਂ ਦੇ ਲੜਕੇ ਫਿਰ ਜਾ ਕੇ ਵਿਧਾਇਕ ਬਣੇ ਪਰ ਪ੍ਰਕਾਸ਼ ਸਿੰਘ ਨੇ ਆਪਣੇ ਪੁੱਤਰ ਨੂੰ ਡਿਪਟੀ ਸੀਐੱਮ, ਨੂੰਹ ਨੂੰ ਕੇਂਦਰੀ ਮੰਤਰੀ ਅਤੇ ਜਵਾਈ ਨੂੰ ਕੈਬਨਿਟ ਮੰਤਰੀ ਬਣਾ ਦਿੱਤਾ ਜਦਕਿ ਇਨ੍ਹਾਂ ਨੇ ਪੰਜਾਬ ਲਈ ਕੁਝ ਨਹੀਂ ਕੀਤਾ।

ਬ੍ਰਹਮਪੁਰਾ ਨੇ ਕਿਹਾ ਉਨ੍ਹਾਂ ਲੰਬਾ ਸਮਾਂ ਸਿਆਸਤ ਕੀਤੀ ਅਤੇ ਜੇਲ੍ਹਾਂ ਵਿੱਚ ਰਹੇ। ਫਿਰ ਵੀ ਉਨ੍ਹਾਂ ਆਪਣੀ ਗਲਤੀ ਮੰਨ ਕੇ ਜ਼ਿਮਨੀ ਚੋਣਾਂ ਵਿੱਚ ਆਪਣੇ ਪੁੱਤਰ ਨੂੰ ਟਿਕਟ ਦਵਾ ਦਿੱਤੀ ਕਿਉਂਕਿ ਛੇ ਮਹੀਨੇ ਰਹਿ ਗਏ ਸਨ। ਉਹ ਜਨਤਕ ਤੌਰ ’ਤੇ ਗਲਤੀ ਮੰਨ ਚੁੱਕੇ ਹਨ ਪਰ ਇਸ ਦੇ ਉਲਟ ਪ੍ਰਕਾਸ਼ ਸਿੰਘ ਬਾਦਲ ਨੇ ਕਦੀ ਕੋਈ ਗੱਲ ਨਹੀਂ ਸੁਣੀ।