Open Debate: ਅੱਜ ਲੁਧਿਆਣਾ ਵਿੱਚ ਪੰਜਾਬ ਦੇ ਮੁੱਦਿਆਂ 'ਤੇ ਖੁੱਲ੍ਹੀ ਬਹਿਸ ਹੋ ਰਹੀ ਹੈ। ਇਸ ਬਹਿਸ ਵਿੱਚ ਮੁੱਖ ਮੰਤਰੀ ਨੇ ਵਿਰੋਧੀ ਧਿਰਾਂ ਦੇ ਲੀਡਰਾਂ ਨੂੰ ਸੱਦਾ ਦਿੱਤੀ ਸੀ ਪਰ ਕਿਸੇ ਵੀ ਸਿਆਸੀ ਪਾਰਟੀ ਦੇ ਪ੍ਰਧਾਨ ਇਸ ਬਹਿਸ ਵਿੱਚ ਸ਼ਾਮਲ ਨਹੀਂ ਹੋ ਰਿਹਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਤੇ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਬਹਿਸ ਵਿੱਚ ਨਹੀਂ ਪਹੁੰਚ ਰਹੇ।


ਇਸ ਲਈ ਤੈਅ ਹੈ ਕਿ ਬਹਿਸ ਵਿੱਚ ਸਿਰਫ ਆਮ ਆਦਮੀ ਪਾਰਟੀ ਹੀ ਵਿਰੋਧੀਆਂ ਨੂੰ ਰਗੜੇ ਲਾਏਗੀ। ਇਸ ਲਈ ਇਹ ਬਹਿਸ ਵਿਰੋਧੀਆਂ ਦੀ ਨੁਕਤਾਚੀਨੀ ਤੱਕ ਹੀ ਸਿਮਟ ਸਕਦੀ ਹੈ। ਉਂਝ ਇਸ ਬਹਿਸ ਵਿੱਚ ਕੁਝ ਵਿਦਵਾਨ ਪਹੁੰਚਣ ਦੀ ਉਮੀਦ ਹੈ। ਇਸ ਲਈ ਪੰਜਾਬ ਦੇ ਮੁੱਦਿਆਂ ਉੱਪਰ ਗੰਭੀਰ ਗੱਲਬਾਤ ਵੀ ਹੋ ਸਕਦੀ ਹੈ। 



ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰੱਖੀ ਗਈ ਇਹ ਖੁੱਲ੍ਹੀ ਬਹਿਸ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ਦਾ ਸਿਆਸੀ ਮੰਚ ਤਿਆਰ ਹੈ। ਆਡੀਟੋਰੀਅਮ ਵਿੱਚ 1000 ਲੋਕਾਂ ਦੇ ਬੈਠਣ ਦਾ ਇੰਤਜ਼ਾਮ ਹੈ। ਇੱਥੇ ਸੁਰੱਖਿਆ ਲਈ ਦਰਜਨਾਂ ਆਈਪੀਐਸ ਅਫ਼ਸਰ ਤੇ ਦੋ ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ। 


ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਖੁੱਲ੍ਹੀ ਬਹਿਸ ਵਿੱਚ ਸਭ ਨੂੰ ਸੱਦਾ ਦਿੱਤਾ ਗਿਆ ਹੈ। ਇਸ ਬਹਿਸ ਵਿੱਚ ਕੋਈ ਵੀ ਪੰਜਾਬੀ ਹਿੱਸਾ ਲੈ ਸਕਦਾ ਹੈ। ਇੱਥੇ ਮੰਚ ਸੰਚਾਲਨ ਨਿਰਮਲ ਸਿੰਘ ਜੌੜਾ ਕਰਨਗੇ। ਇਸ ਦੇ ਨਾਲ ਸਿਆਸੀ ਪਾਰਟੀਆਂ ਤੋਂ ਇਲਾਵਾ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ, ਅਰਥ ਸ਼ਾਸਤਰੀ ਸਰਦਾਰਾ ਸਿੰਘ ਜੌਹਲ ਵਰਗੇ 75 ਬੁੱਧੀਜੀਵੀਆਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। 


ਆਡੀਟੋਰੀਅਮ ਵਿਚ 1000 ਲੋਕਾਂ ਦੇ ਬੈਠਣ ਲਈ ਕੁਰਸੀਆਂ ਲੱਗੀਆਂ ਹੋਈਆਂ ਹਨ ਜਿਸ ਵਿੱਚ ਪਹਿਲਾਂ ਆਉਣ ਵਾਲੇ ਬੰਦੇ ਨੂੰ ਪਹਿਲ ਦਿੱਤੀ ਜਾਏਗੀ। ਪੀਏਯੂ ਵਿੱਚ ਹੀ ਮੁੱਖ ਮੰਤਰੀ ਦਾ ਹੈਲੀਕਾਪਟਰ ਉਤਰੇਗਾ ਤੇ ਉਹ ਕਾਰ ਰਾਹੀਂ ਬਹਿਸ ਵਾਲੀ ਥਾਂ ’ਤੇ ਪੁੱਜਣਗੇ। ਪੀਏਯੂ ਅੰਦਰ ਪੰਜਾਬ ਪੁਲਿਸ ਵੱਲੋਂ ਕਈ ਥਾਵਾਂ ’ਤੇ ਬੈਰੀਕੇਡਿੰਗ ਕੀਤੀ ਗਈ ਹੈ। ਪੰਜਾਬ ਪੁਲਿਸ ਦੀਆਂ ਟੀਮਾਂ ਯੂਨੀਵਰਸਿਟੀ ਦੇ ਹਰ ਗੇਟ ’ਤੇ ਤਾਇਨਾਤ ਰਹਿਣਗੀਆਂ ਤੇ ਹਰ ਆਉਣ ਜਾਣ ਵਾਲੇ ’ਤੇ ਨਜ਼ਰ ਰੱਖੀ ਜਾਵੇਗੀ।