Punjab Politics: ਲੋਕ ਸਭਾ ਚੋਣਾਂ 2024 ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਅੱਜ ਤੀਜਾ ਦਿਨ ਹੈ। ਵੀਰਵਾਰ ਨੂੰ ਫ਼ਰੀਦਕੋਟ ਸੀਟ ਤੋਂ ਭਾਜਪਾ ਉਮੀਦਵਾਰ ਹੰਸਰਾਜ ਹੰਸ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵੀ ਮੌਜੂਦ ਸਨ।


ਹੰਸ ਰਾਜ ਹੰਸ ਨੇ ਕਿਹਾ ਕਿ ਸੂਫੀਆਂ ਦੀ ਧਰਤੀ ਉੱਤੇ ਮੇਰਾ ਨਾਂਅ ਦਰਜ ਹੋ ਗਿਆ, ਮੈਂ ਖ਼ੁਸ਼ਨਸੀਬ ਹਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਜ਼ਾਰਤ ਚੋਂ ਗਜੇਂਦਰ ਸ਼ਿਖਾਵਤ ਖਾਸ ਤੌਰ ਉੱਤੇ ਸ਼ਾਮਲ ਹੋਣ ਲਈ ਆਏ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਕੀਤੇ ਹੋਏ ਕੰਮਾਂ ਨੂੰ ਲੈ  ਲੋਕ ਉਨ੍ਹਾਂ ਦਾ ਸਾਥ ਦੇ ਰਹੇ ਨੇ ਤੇ ਇਸ ਵਾਰ ਫ਼ਰੀਦਕੋਟ ਦੀ ਸੀਟ 'ਤੇ ਵੀ ਬੀਜੇਪੀ ਦੀ ਜਿੱਤ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੀ ਲੋਕ ਨਰਿੰਦਰ ਮੋਦੀ ਦੇ ਕੀਤੇ ਹੋਏ ਕੰਮਾਂ ਨੂੰ ਵੋਟ ਦੇਣਗੇ ਅਤੇ ਪੰਜਾਬ ਵਿੱਚ ਵੀ ਬੀਜੇਪੀ ਦੀ ਜਿੱਤ ਹੋਵੇਗੀ। 






 ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਕੇਂਦਰੀ ਮੰਤਰੀ ਸ਼ੇਖਾਵਤ ਨੇ ਕਿਹਾ ਕਿ ਜਿਸ ਤਰ੍ਹਾਂ ਦੇਸ਼ ਦੇ ਲੋਕ ਨਰਿੰਦਰ ਮੋਦੀ 'ਤੇ ਵਿਸ਼ਵਾਸ਼ ਕਰ ਰਹੇ ਹਨ ਤੇ ਇਸ ਵਾਰ ਪੰਜਾਬ ਦੇ ਵਿੱਚ ਕਮਲ ਦਾ ਫੁੱਲ ਖਿੜੇਗਾ। ਉਨ੍ਹਾਂ ਕਿਹਾ ਕਿ ਹੰਸਰਾਜ ਹੰਸ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਅਤੇ ਵਿਰੋਧ ਦੇ ਚਲਦਿਆਂ ਵੀ ਲੋਕਾਂ ਦਾ ਹੁੰਗਾਰਾ ਬੀਜੇਪੀ ਨੂੰ ਮਿਲ ਰਿਹਾ ਹੈ। 


ਦੱਸ ਦਈਏ ਕਿ ਨਾਮਜ਼ਦਗੀਆਂ ਦਾਖ਼ਲ ਕਰਨ ਦੇ ਦੂਜੇ ਦਿਨ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 20 ਉਮੀਦਵਾਰਾਂ ਵੱਲੋਂ 22 ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ।


ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਲੋਕ ਸਭਾ ਹਲਕਾ ਗੁਰਦਾਸਪੁਰ, ਜਲੰਧਰ, ਆਨੰਦਪੁਰ ਸਾਹਿਬ ਅਤੇ ਫਤਹਿਗੜ੍ਹ ਸਾਹਿਬ ਤੋਂ ਇੱਕ-ਇੱਕ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ। ਸੰਗਰੂਰ ਤੋਂ ਪੰਜ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਸਨ, ਜਦਕਿ ਅੰਮ੍ਰਿਤਸਰ ਤੇ ਪਟਿਆਲਾ ਤੋਂ ਤਿੰਨ-ਤਿੰਨ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਸਨ। ਪਟਿਆਲਾ ਤੋਂ ਤਿੰਨ ਉਮੀਦਵਾਰਾਂ ਵਿੱਚੋਂ ਦੋ ਨੇ 2-2 ਫਾਰਮ ਭਰੇ ਹਨ। ਜਦੋਂਕਿ ਫਰੀਦਕੋਟ ਤੋਂ 2 ਅਤੇ ਲੁਧਿਆਣਾ ਤੋਂ 3 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਬੁੱਧਵਾਰ ਨੂੰ ਫਿਰੋਜ਼ਪੁਰ, ਖਡੂਰ ਸਾਹਿਬ, ਬਠਿੰਡਾ ਅਤੇ ਹੁਸ਼ਿਆਰਪੁਰ ਲੋਕ ਸਭਾ ਸੀਟਾਂ ਲਈ ਕਿਸੇ ਵੀ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤਾ ਗਿਆ। ਦੱਸ ਦੇਈਏ ਕਿ ਕੱਲ੍ਹ 7 ਮਈ ਨੂੰ ਪੰਜਾਬ ਤੋਂ 13 ਉਮੀਦਵਾਰਾਂ ਵੱਲੋਂ 15 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਸਨ।