ਨਵੀਂ ਦਿੱਲੀ: 1984 ਸਿੱਖ ਕਤਲੇਆਮ ਕੇਸਾਂ ਦੀ ਪੜਤਾਲ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਵਿੱਚ ਤੀਜੇ ਮੈਂਬਰ ਦੀ ਨਿਯੁਕਤੀ ਨਹੀਂ ਹੋਏਗੀ। ਹੁਣ ਦੋ ਮੈਂਬਰੀ ਟੀਮ ਹੀ ਜਾਂਚ ਨੂੰ ਅੱਗੇ ਵਧਾਏਗੀ। ਇਹ ਫੈਸਲਾ ਸੁਪਰੀਮ ਕੋਰਟ ਨੇ ਸੁਣਾਇਆ ਹੈ।
ਯਾਦ ਰਹੇ 10 ਮਹੀਨੇ ਪਹਿਲਾਂ 186 ਕੇਸਾਂ ਦੀ ਜਾਂਚ ਲਈ ਗਠਿਤ ਕੀਤੀ ਐਸਆਈਟੀ ਵਿੱਚ ਫਿਲਹਾਲ ਦੋ ਮੈਂਬਰ ਕੰਮ ਕਰ ਰਹੇ ਸੀ। ਤੀਜੇ ਦੀ ਨਿਯੁਕਤੀ ਲਈ ਕੇਂਦਰ ਨੇ ਸਿਰਫ਼ ਇੱਕੋ ਨਾਂ ਸੁਝਾਇਆ ਸੀ, ਜਿਸ 'ਤੇ ਅਦਾਲਤ ਨੇ ਸਵਾਲ ਚੁੱਕੇ ਸੀ। ਇਸ ਲਈ ਕੰਮ ਰੁਕਿਆ ਹੋਇਆ ਸੀ।
ਇਸ ਬਾਰੇ ਅਦਾਲਤ ਨੇ ਕੇਂਦਰ ਸਰਕਾਰ ਨੂੰ ਪੁੱਛਿਆ ਸੀ ਕਿ ਤਿੰਨ ਮੈਂਬਰੀ ਐਸਆਈਟੀ ਬਣਾਉਣ ਦਾ ਫੈਸਲਾ ਤਿੰਨ ਜੱਜਾਂ ਦੀ ਬੈਂਚ ਦਾ ਸੀ। ਹੁਣ ਤੀਜੇ ਮੈਂਬਰ ਦੀ ਨਿਯੁਕਤੀ ਲਈ ਇੱਕ ਨਾਂ ਕਿਉਂ ਦਿੱਤਾ ਜਾ ਰਿਹਾ ਹੈ, ਇਸ ਵਿੱਚੋਂ ਚੋਣ ਕਿਵੇਂ ਹੋਵੇਗੀ। ਇਸ 'ਤੇ ਅਦਾਲਤ ਵਿੱਚ ਮੌਜੂਦ ਵਕੀਲਾਂ ਨੇ ਅਦਾਲਤ ਨੂੰ ਸੁਝਾਅ ਦਿੱਤਾ ਕਿ ਐਸਆਈਟੀ ਨੂੰ ਦੋ ਮੈਂਬਰੀ ਕਰ ਦਿੱਤਾ ਜਾਵੇ।
ਸੁਪਰੀਮ ਕੋਰਟ ਨੇ ਕੇਂਦਰ ਦਾ ਪੱਖ ਪੁੱਛਿਆ ਤਾਂ ਉੱਧਰੋਂ ਵੀ ਕੋਈ ਇਤਰਾਜ਼ ਨਹੀਂ ਆਇਆ। ਇਸ ਮਗਰੋਂ ਅਦਾਲਤ ਨੇ ਕਿਹਾ ਕਿ ਐਸਆਈਟੀ ਨੂੰ ਤੀਜੇ ਮੈਂਬਰ ਦੀ ਲੋੜ ਨਹੀਂ। ਇਸ ਲਈ ਮੌਜੂਦ ਦੋ ਮੈਂਬਰ ਹੀ ਕੰਮ ਕਰਨਗੇ।