ਜਲੰਧਰ: ਨੋਟਬੰਦੀ ਦਾ ਅਸਰ ਵਿਆਹਾਂ ਉੱਤੇ ਕਿਸ ਤਰੀਕੇ ਨਾਲ ਪੈ ਰਿਹਾ ਹੈ, ਇਸ ਦੀ ਝਲਕ ਜਲੰਧਰ ਵਿੱਚ ਦੇਖਣ ਨੂੰ ਮਿਲੀ। ਸ਼ਨੀਵਾਰ ਨੂੰ ਸ਼ਹਿਰ ਵਿੱਚ ਕਈ ਵਿਆਹ ਹੋਏ। ਇਨ੍ਹਾਂ ਸਾਰੇ ਵਿਆਹਾਂ ਵਿੱਚ ਇੱਕ ਗੱਲ ਸਾਰੀਆਂ ਥਾਵਾਂ ਉੱਤੇ ਸਾਂਝੀ ਦੇਖਣ ਨੂੰ ਮਿਲੀ। ਉਹ ਸੀ ਜੀਜੇ ਕੋਲੋਂ ਸਾਲ਼ੀਆਂ ਵੱਲੋਂ ਰਿਬਨ ਕਟਾਈ ਦਾ ਸ਼ਗਨ।
ਆਮ ਤੌਰ ਉੱਤੇ ਪੰਜ-ਪੰਜ ਸੌ ਰੁਪਏ ਦੇ ਨੋਟਾਂ ਦੀ ਮੰਗ ਕਰਨ ਵਾਲੀਆਂ ਸਾਲ਼ੀਆਂ ਪਹਿਲੀ ਵਾਰ ਆਪਣੇ ਜੀਜੇ ਕੋਲੋਂ 100-100 ਦੇ ਨੋਟ ਮੰਗਦੀਆਂ ਦੇਖੀਆਂ ਗਈਆਂ। ਮੇਰਠ ਤੋਂ ਜਲੰਧਰ ਆਈ ਬਰਾਤ ਵਿੱਚ ਜੀਜੇ ਨੇ ਸਾਲ਼ੀਆਂ ਨੂੰ ਰਿਬਨ ਕਟਾਈ ਸਮੇਂ ਹਾਸੀ ਮਜ਼ਾਕ ਤੋਂ ਬਾਅਦ ਜਿਵੇਂ ਹੀ ਸ਼ਗਨ ਲਈ 500-500 ਦੇ ਨੋਟ ਕੱਢੇ ਤਾਂ ਸਾਲ਼ੀਆਂ 100-100 ਦੇ ਨੋਟ ਲੈਣ ਲਈ ਅੜ ਗਈਆਂ। ਸਾਲ਼ੀਆਂ ਨੇ ਜੀਜੇ ਨੂੰ ਸਪਸ਼ਟ ਕਰ ਦਿੱਤਾ ਕਿ 500 ਦਾ ਨੋਟ ਬਿਲਕੁਲ ਨਹੀਂ ਚੱਲੇਗਾ।
ਲਾੜੇ ਵਿਜੇ ਨੇ ਸਾਲ਼ੀਆਂ ਨੂੰ ਬਹੁਤ ਸਮਝਾਇਆ ਕਿ ਉਸ ਕੋਲ 500 ਤੇ ਹਜ਼ਾਰ ਦੇ ਨੋਟ ਹਨ ਪਰ ਸਾਲ਼ੀਆਂ ਛੋਟੇ ਨੋਟ ਲੈਣ ਲਈ ਅੜੀਆਂ ਰਹੀਆਂ। ਆਖ਼ਰਕਾਰ ਕੋਈ ਰਸਤਾ ਨਾ ਬਚਿਆ ਤਾਂ ਜੀਜੇ ਨੇ ਸਾਲ਼ੀਆਂ ਨਾਲ ਉਧਾਰ ਕਰਕੇ ਆਪਣਾ ਖਹਿੜਾ ਛਡਵਾਇਆ।
ਗੱਲ ਇੱਥੇ ਹੀ ਨਹੀਂ ਮੁੱਕੀ। ਜਦੋਂ ਨਵੀਂ ਵਿਆਹੀ ਜੋੜੀ ਨੂੰ ਸ਼ਗਨ ਪਾਉਣ ਦੀ ਗੱਲ ਆਈ ਤਾਂ ਲੋਕ ਫਿਰ ਚੱਕਰਾਂ ਵਿੱਚ ਪੈ ਗਏ। ਸ਼ਗਨ ਦੇ ਕਾਰਡ ਵਿੱਚ ਕੁਝ ਲੋਕਾਂ ਨੇ ਤਾਂ 500 ਦਾ ਨੋਟ ਦਿੱਤਾ ਤੇ ਕੁਝ ਨੇ ਇਧਰੋਂ-ਉਧਰੋਂ 100 ਰੁਪਏ ਦੇ ਨੋਟ ਦਾ ਜੁਗਾੜ ਕਰਕੇ ਨਵਵਿਆਹੁਤਾ ਜੋੜੀ ਨੂੰ ਸ਼ਗਨ ਪਾਇਆ।