ਪੰਜਾਬ ਵਿੱਚ ਅੱਜ ਵੋਟਾਂ ਪੈ ਰਹੀਆਂ ਹਨ। 17 ਮਈ ਨੂੰ ਚੋਣ ਪ੍ਰਚਾਰ ਬੰਦ ਹੋਣ ਦੇ ਬਾਵਜੂਦ ਸਿਆਸੀ ਲੀਡਰ ਬਾਜ਼ ਨਹੀਂ ਆਏ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਮੇਤ ਕਈ ਵੱਡੇ ਲੀਡਰਾਂ ਨੇ ਸ਼ਰ੍ਹੇਆਮ ਚੋਣ ਜ਼ਾਬਤੇ ਦੀਆਂ ਧੱਜੀਆਂ ਉਡਾਈਆਂ। ਸਭ ਤੋਂ ਪਹਿਲਾਂ ਹਲਕਾ ਬਠਿੰਡਾ ਤੋਂ ਪੰਜਾਬ ਜਮਹੂਰੀ ਡੈਮੋਕ੍ਰੇਟਿਕ ਗਠਜੋੜ (PDA) ਦੇ ਉਮੀਵਾਰ ਸੁਖਪਾਲ ਖਹਿਰਾ ਨੇ ਬਠਿੰਡਾ ਰੇਲਵੇ ਸਟੇਸ਼ਨ 'ਤੇ ਰਾਤ 9 ਵਜੇ ਫੇਸਬੁਕ ਲਾਈਵ ਹੋ ਕੇ ਹੋਰਾਂ ਸਿਆਸੀ ਪਾਰਟੀਆਂ 'ਤੇ ਸ਼ਬਦੀ ਹਮਲੇ ਬੋਲੇ।


ਉੱਧਰ ਕਾਂਗਰਸ ਨੇ ਵੀ ਸ਼ਾਮ 8 ਵਜੇ ਦੇ ਬਾਅਦ ਆਪਣੇ ਫੇਸਬੁਕ ਪੇਜ ਤੋਂ ਕੈਪਟਨ ਦੀ ਵੀਡੀਓ ਪੋਸਟ ਕੀਤੀ ਜਿਸ ਵਿੱਚ ਉਹ ਇੰਡਸਟਰੀ ਲਈ ਕੀਤੇ ਕੰਮਾਂ ਦਾ ਪ੍ਰਚਾਰ ਕਰ ਰਹੇ ਹਨ।

ਤੀਜਾ ਮਾਮਲਾ ਗੁਰਦਾਸਪੁਰ ਵਿੱਚ ਬੀਜੇਪੀ ਉਮੀਦਵਾਰ ਸੰਨੀ ਦਿਓਲ ਦਾ ਹੈ ਜਿਨ੍ਹਾਂ ਸ਼ੁੱਕਰਵਾਰ ਨੂੰ ਚੋਣ ਪ੍ਰਚਾਰ ਬੰਦ ਹੋਣ ਦੇ ਬਾਵਜੂਦ ਪਠਾਨਕੋਟ ਵਿੱਚ ਰਾਤ ਜਨਤਕ ਬੈਠਕ ਬੁਲਾਈ ਜਿਸ ਵਿੱਚ ਲਗਪਗ 200 ਬੰਦਿਆਂ ਦਾ ਇਕੱਠ ਕੀਤਾ ਗਿਆ ਸੀ ਤੇ ਲਾਊਡ ਸਪੀਕਰ ਵੀ ਲਾਇਆ ਗਿਆ।

ਚੌਥੇ ਮਾਮਲੇ ਵਿੱਚ ਅਕਾਲੀ ਲੀਡਰ ਬਿਕਰਮ ਮਜੀਠੀਆ ਨੇ ਸ਼ਨੀਵਾਰ ਦੁਪਹਿਰ ਵੇਲੇ ਪ੍ਰੈਸ ਕਾਨਫਰੰਸ ਕੀਤੀ ਤੇ ਕਾਂਗਰਸ 'ਤੇ ਇਲਜ਼ਾਮ ਲਾਏ। ਚੋਣ ਕਮਿਸ਼ਨ ਖਹਿਰਾ ਨੂੰ ਨੋਟਿਸ ਭੇਜਣ ਦੀ ਪ੍ਰਕਿਰਿਆ ਵਿੱਚ ਜੁਟਿਆ ਹੈ। ਸੰਨੀ ਦਿਓਲ ਤੇ ਮਜੀਠੀਆ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਹਨ ਤੇ ਕਾਂਗਰਸ ਨਾਲ ਸਬੰਧਿਤ ਮਾਮਲੇ ਦੀ ਜਾਂਚ ਚੱਲ ਰਹੀ ਹੈ। ਇਸ ਦੇ ਬਾਅਦ ਹੀ ਕਾਰਵਾਈ ਹੋਏਗੀ।