ਚੰਡੀਗੜ੍ਹ: ਗੁਰਪੁਰਬ ਨੂੰ ਲੈ ਕੇ ਸਿੱਖ ਕੌਮ ਇੱਕ ਵਾਰ ਮੁੜ ਦੁਬਿਧਾ ਵਿੱਚ ਪੈ ਗਈ ਹੈ। ਇਸ ਵਾਰ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ 25 ਦਸੰਬਰ ਨੂੰ, ਵੱਡੇ ਸਾਹਿਬਜ਼ਾਦੇ ਤੇ ਚਮਕੌਰ ਸਾਹਿਬ ਦੇ ਹੋਰ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ 22 ਦਸੰਬਰ ਨੂੰ ਤੇ ਛੋਟੋ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 27 ਦਸੰਬਰ ਨੂੰ ਆ ਰਿਹਾ ਹੈ। ਇਸ ਲਈ 22 ਦਸੰਬਰ ਤੋਂ 27 ਦਸੰਬਰ ਤਕ ਸ਼ਹੀਦੀ ਦਿਹਾੜੇ ਤੇ ਪ੍ਰਕਾਸ਼ ਪੁਰਬ ਇਕੱਠੇ ਮਨਾਉਣ ਨੂੰ ਲੈ ਕੇ ਦੁਚਿੱਤੀ ਬਣੀ ਹੋਈ ਹੈ। ਇਸ ਨੂੰ ਲੈ ਕੇ ਸਿੱਖ ਕੌਮ ਮੁੜ ਵੰਡੀ ਗਈ ਹੈ।


ਦਰਅਸਲ ਸਾਲ 2003 ਵਿੱਚ ਅਕਾਲ ਤਖਤ ਦੀ ਸਹਿਮਤੀ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਲਾਗੂ ਕੀਤੇ ਨਾਨਕਸ਼ਾਹੀ ਕੈਲੰਡਰ ਨੂੰ 2010 ਵਿੱਚ ਸੋਧ ਦੇ ਨਾਂ ਹੇਠ ਮੁੜ ਬਿਕਰਮੀ ਕੈਲੰਡਰ ਵਿੱਚ ਤਬਦੀਲ ਕੀਤੇ ਜਾਣ ਕਾਰਨ ਸਿੱਖ ਕੌਮ ਵਿੱਚ ਗੁਰਪੁਰਬ ਦੀਆਂ ਦੋ-ਦੋ ਤਰੀਕਾਂ ਨੂੰ ਲੈ ਕੇ ਪੈਦਾ ਹੋਇਆ ਭੰਬਲਭੂਸਾ ਜਾਰੀ ਹੈ। ਇਸ ਕਾਰਨ ਸਿੱਖ ਕੌਮ ਵਿਚ ਆਪਸੀ ਵਖਰੇਵੇਂ ਪੈਦਾ ਹੋ ਗਏ ਹਨ। ਮੂਲ ਨਾਨਕਸ਼ਾਹੀ ਕੈਲੰਡਰ ਵਿੱਚ ਕੁਝ ਗੁਰਪੁਰਬਾਂ ਨੂੰ ਛੱਡ ਕੇ ਬਾਕੀ ਸਾਰੇ ਗੁਰਪੁਰਬ ਤੇ ਦਿਨ-ਤਿਉਹਾਰਾਂ ਦੀਆਂ ਤਰੀਕਾਂ ਤੈਅ ਕੀਤੀਆਂ ਗਈਆਂ ਸਨ। ਹੋਲਾ-ਮਹੱਲਾ, ਬੰਦੀ ਛੋੜ ਦਿਵਸ ਤੇ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਆਦਿ ਨੂੰ ਸਿਰਫ ਬਿਕਰਮੀ ਕੈਲੰਡਰ ਅਨੁਸਾਰ ਮਨਾਉਣ ਦਾ ਫੈਸਲਾ ਕੀਤਾ ਗਿਆ ਸੀ।

ਇਸ ਮੁਤਾਬਕ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ 5 ਜਨਵਰੀ ਨੂੰ ਤੈਅ ਕੀਤਾ ਗਿਆ ਸੀ। ਇਸ ਤੋਂ ਇਲਾਵਾ ਮੱਸਿਆ ਤੇ ਸੰਗਰਾਂਦ ਆਦਿ ਦੀਆਂ ਵੀ ਤਰੀਕਾਂ ਪੱਕੀਆਂ ਕਰ ਦਿੱਤੀਆਂ ਗਈਆਂ ਸਨ। ਇਹ ਕੈਲੰਡਰ ਤਕਰੀਬਨ 6 ਸਾਲ ਦਸੰਬਰ 2009 ਤਕ ਸਫਲਤਾ ਪੂਰਵਕ ਲਾਗੂ ਰਿਹਾ। ਇਸ ਨੂੰ ਸਿੱਖ ਕੌਮ ਤੋਂ ਇਲਾਵਾ ਸਰਕਾਰਾਂ ਨੇ ਵੀ ਮਾਨਤਾ ਦੇ ਦਿੱਤੀ ਸੀ ਪਰ ਜਨਵਰੀ 2010 ਵਿੱਚ ਅਚਨਚੇਤੀ ਇਸ ਕੈਲੰਡਰ ਵਿੱਚ ਸੋਧ ਲਈ ਦੋ ਮੈਂਬਰੀ ਕਮੇਟੀ ਬਣਾਈ ਗਈ, ਜਿਸ ਵਿੱਚ ਕੋਈ ਵੀ ਕੈਲੰਡਰ ਮਾਹਰ ਨਹੀਂ ਸੀ। ਕਮੇਟੀ ਦੇ ਸੁਝਾਅ ਦੇ ਆਧਾਰ ’ਤੇ ਅਕਾਲ ਤਖਤ ਵੱਲੋਂ ਸੋਧੇ ਹੋਏ ਨਵੇਂ ਕੈਲੰਡਰ ਨੂੰ ਲਾਗੂ ਕਰ ਦਿੱਤਾ ਗਿਆ।

ਸੋਧਿਆ ਹੋਇਆ ਕੈਲੰਡਰ ਪੂਰੀ ਤਰ੍ਹਾਂ ਮੁੜ ਬਿਕਰਮੀ ਕੈਲੰਡਰ ਵਿੱਚ ਤਬਦੀਲ ਕਰ ਦਿੱਤਾ ਗਿਆ, ਜਿਸ ਕਾਰਨ ਕਈ ਗੁਰਪੁਰਬਾਂ ਤੇ ਸ਼ਹੀਦੀ ਪੁਰਬਾਂ ਦੀਆਂ ਤਰੀਕਾਂ ਇਕੱਠੀਆਂ ਆ ਰਹੀਆਂ ਹਨ। ਇਸ ਤਹਿਤ ਇਸ ਵਾਰ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ 25 ਦਸੰਬਰ ਨੂੰ, ਵੱਡੇ ਸਾਹਿਬਜ਼ਾਦੇ ਤੇ ਚਮਕੌਰ ਸਾਹਿਬ ਦੇ ਹੋਰ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ 22 ਦਸੰਬਰ ਨੂੰ ਤੇ ਛੋਟੋ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 27 ਦਸੰਬਰ ਨੂੰ ਆ ਰਿਹਾ ਹੈ। ਇਸ ਲਈ 22 ਦਸੰਬਰ ਤੋਂ 27 ਦਸੰਬਰ ਤਕ ਸ਼ਹੀਦੀ ਦਿਹਾੜੇ ਅਤੇ ਪ੍ਰਕਾਸ਼ ਪੁਰਬ ਇਕੱਠੇ ਮਨਾਉਣ ਨੂੰ ਲੈ ਕੇ ਦੁਚਿੱਤੀ ਬਣੀ ਹੋਈ ਹੈ।

ਸਿੱਖ ਪੰਥ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸ਼ਹੀਦੀ ਹਫ਼ਤੇ ਵਜੋਂ ਮਨਾਇਆ ਜਾਂਦਾ ਹੈ ਤੇ ਤਿੰਨ ਦਿਨ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਸਮਾਗਮ ਚੱਲਦੇ ਹੈ। ਇਹ ਸਮਾਗਮ ਸੋਗ ਵਜੋਂ ਮਨਾਇਆ ਜਾਂਦਾ ਹੈ। ਹੁਣ 25 ਦਸੰਬਰ ਨੂੰ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਜਿਸ ਨੂੰ ਸਮੁੱਚੀ ਕੌਮ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਂਦੀ ਹੈ, ਲਈ ਹੁਣ ਦੋਵੇਂ ਸਮਾਗਮ ਇੱਕੋ ਸਮੇਂ ਮਨਾਉਣ ਦੀ ਸਮੱਸਿਆ ਪੈਦਾ ਹੋ ਗਈ ਹੈ। ਸ਼੍ਰੋਮਣੀ ਕਮੇਟੀ ਚਾਹੁੰਦੀ ਹੈ ਕਿ ਪ੍ਰਕਾਸ਼ ਪੁਰਬ 5 ਜਨਵਰੀ ਨੂੰ ਮਨਾਇਆ ਜਾਵੇ। ਇਸ ਸਬੰਧੀ ਇੱਕ ਮਤਾ ਅਕਾਲ ਤਖਤ ਦੇ ਜਥੇਦਾਰ ਨੂੰ ਵੀ ਭੇਜਿਆ ਜਾ ਰਿਹਾ ਹੈ ਜਿਸ ਬਾਰੇ ਪੰਜ ਸਿੰਘ ਸਾਹਿਬਾਨ 13 ਨਵੰਬਰ ਨੂੰ ਮੀਟਿੰਗ ਵਿੱਚ ਵਿਚਾਰ ਕਰਨਗੇ।