ਚੰਡੀਗੜ੍ਹ: ਆਮ ਆਦਮੀ ਪਾਰਟੀ ਵਿੱਚ ਅਨੇਕਾਂ ਵਿਵਾਦਾਂ ਮਗਰੋਂ ਵੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਭਗਵੰਤ ਮਾਨ 'ਤੇ ਹੀ ਦਾਅ ਖੇਡਣ ਜਾ ਰਹੇ ਹਨ। ਪਾਰਟੀ ਲੋਕ ਸਭਾ ਚੋਣਾਂ ਭਗਵੰਤ ਮਾਨ ਦੀ ਅਗਵਾਈ ਹੇਠ ਲੜੇਗੀ। ਇਸ ਲਈ ਹੀ ਸ਼ਨੀਵਾਰ ਨੂੰ ਪਾਰਟੀ ਦੀ ਕੋਰ ਕਮੇਟੀ ਨੇ ਭਗਵੰਤ ਮਾਨ ਵੱਲੋਂ ਪ੍ਰਧਾਨਗੀ ਤੋਂ ਦਿੱਤਾ ਅਸਤੀਫਾ ਰੱਦ ਕਰ ਦਿੱਤਾ ਹੈ। ਭਾਵ ਭਗਵੰਤ ਮਾਨ ਹੀ ਪਾਰਟੀ ਦੇ ਪ੍ਰਧਾਨ ਬਣੇ ਰਹਿਣਗੇ।


ਦਰਅਸਲ ਕੇਜਰੀਵਾਲ ਵੱਲੋਂ ਅਕਾਲੀ ਲੀਡਰ ਬਿਕਰਮ ਮਜੀਠੀਆ ਤੋਂ ਮੁਆਫੀ ਮੰਗਣ ਮਗਰੋਂ ਭਗਵੰਤ ਮਾਨ ਨੇ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਮਗਰੋਂ ਚਰਚਾ ਸੀ ਕਿ ਪਾਰਟੀ ਨਵਾਂ ਪ੍ਰਧਾਨ ਲਾ ਸਕਦੀ ਹੈ ਕਿਉਂਕਿ ਭਗਵੰਤ ਮਾਨ ਨਾਲ ਕਈ ਵਿਵਾਦ ਵੀ ਜੁੜ ਗਏ ਸੀ। ਇਸ ਲਈ ਪੰਜਾਬ ਵਿੱਚੋਂ ਕਈ ਲੀਡਰ ਵੀ ਪ੍ਰਧਾਨਗੀ ਲਈ ਸਰਗਰਮ ਸਨ ਪਰ ਹੁਣ ਕੇਜਰੀਵਾਲ ਨੇ ਭਗਵੰਤ ਮਾਨ 'ਤੇ ਦਾਅ ਖੇਡਣ ਦਾ ਮਨ ਬਣਾਇਆ ਹੈ।

ਕੇਜਰੀਵਾਲ ਨੇ ਇਸ ਦੇ ਸੰਕੇਤ ਪਿਛਲੇ ਦਿਨੀਂ ਬਰਨਾਲਾ ਰੈਲੀ ਵਿੱਚ ਹੀ ਦੇ ਦਿੱਤੇ ਸੀ। ਉਨ੍ਹਾਂ ਨੇ ਭਗਵੰਤ ਮਾਨ ਦੀ ਰੱਜ ਕੇ ਸ਼ਲਾਘਾ ਕੀਤੀ ਸੀ। ਇਸ ਮਗਰੋਂ ਚਰਚਾ ਛਿੜ ਗਈ ਸੀ ਕਿ ਭਗਵੰਤ ਮਾਨ ਹੀ ਪੰਜਾਬ ਦੀ ਅਗਵਾਈ ਕਰਦੇ ਰਹਿਣਗੇ। ਇਸ ਕਰਕੇ ਹੀ ਸ਼ਨੀਵਾਰ ਨੂੰ ਕੋਰ ਕਮੇਟੀ ਨੇ ਭਗਵੰਤ ਮਾਨ ਦਾ ਅਸਤੀਫਾ ਰੱਦ ਕਰ ਦਿੱਤਾ।

ਸੂਤਰਾਂ ਮੁਤਾਬਕ ਹਾਈਕਮਾਨ ਨੂੰ ਸੁਖਪਾਲ ਖਹਿਰਾ ਧੜੇ ਨਾਲ ਕੋਈ ਸਮਝੌਤਾ ਹੋਣ ਦੀ ਉਮੀਦ ਸੀ। ਇਸ ਕਰਕੇ ਭਗਵੰਤ ਮਾਨ ਦੇ ਅਸਤੀਫੇ ਬਾਰੇ ਕੋਈ ਫੈਸਲਾ ਨਹੀਂ ਲਿਆ ਸੀ। ਹੁਣ ਖਹਿਰਾ ਵੱਲੋਂ ਵੱਖਰੀ ਪਾਰਟੀ ਬਣਾਉਣ ਮਗਰੋਂ ਗੱਲ਼ਬਾਤ ਦਾ ਰਾਹ ਬੰਦ ਹੋ ਗਿਆ ਹੈ। ਇਸ ਲਈ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਹੀ ਥਾਪੀ ਦਿੱਤੀ ਹੈ।