ਰਾਹੁਲ ਕਾਲਾ


ਚੰਡੀਗੜ੍ਹ: ਬਦਲੇ ਹਾਲਾਤ ਨੂੰ ਵੇਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੁਰ ਵੀ ਬਦਲਣ ਲੱਗੇ ਹਨ। ਅੱਜ ਕੈਪਟਨ ਸਾਹਬ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਧੰਨਵਾਦ ਕਰ ਰਹੇ ਹਨ ਕਿਉਂਕਿ ਕਰਤਾਰਪੁਰ ਸਾਹਿਬ ਜਾਣ ਲਈ ਪਾਕਿਸਾਤਨ ਨੇ ਲਾਂਘਾ ਖੋਲ੍ਹ ਦਿੱਤਾ ਹੈ। ਹੁਣ ਮੁੱਖ ਮੰਤਰੀ ਬੇਫਿਕਰ ਹਨ ਪਰ ਪਹਿਲਾਂ ਲਾਂਘਾ ਖੋਲ੍ਹਣ ਨੂੰ ਪਾਕਿਸਤਾਨ ਦੀ ਨਾਪਕ ਸਾਜਿਸ਼ ਦੱਸਦੇ ਸਨ। ਉਹ ਕਈ ਸਵਾਲ ਵੀ ਖੜ੍ਹੇ ਕਰਦੇ ਸੀ।

ਕੈਪਟਨ ਅਮਰਿੰਦਰ ਸਿੰਘ 9 ਨਵੰਬਰ ਨੂੰ ਕਰਤਾਰਪੁਰ ਸਾਹਿਬ ਜਾਂਦੇ ਹਨ ਤੇ ਲਾਂਘੇ ਦੇ ਉਦਘਾਟਨੀ ਸਮਾਗਮ 'ਚ ਸ਼ਾਮਲ ਵੀ ਹੁੰਦੇ ਹਨ। ਪਾਕਿਸਾਤਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰਸੀਵ ਕਰਨ ਲਈ ਜ਼ੀਰੋ ਪੁਆਇੰਟ 'ਤੇ ਵੀ ਜਾਂਦੇ ਹਨ। ਕੈਪਟਨ ਸਾਹਬ ਵੀ ਬੱਸ 'ਚ ਇਮਰਾਨ ਖ਼ਾਨ ਨਾਲ ਗੱਲਾਬਾਤਾਂ ਮਾਰਦੇ ਸਫਰ ਕਰਦੇ ਹਨ। ਸ਼ਾਇਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਕੁਝ ਕੁ ਮਿੰਟ ਦੀ ਸੰਗਤ ਹੀ ਰੰਗ ਲਿਆਈ ਹੈ ਜੋ ਕੈਪਟਨ ਹੁਣ ਇਮਰਾਨ ਖ਼ਾਨ ਦਾ ਧੰਨਵਾਦ ਕਰ ਰਹੇ ਹਨ।

ਅੱਜ ਕੈਪਟਨ ਨੇ ਸਟੇਜ ਤੋਂ ਉਹ ਸਾਰੇ ਖਦਸ਼ੇ ਦੂਰ ਜ਼ਰੂਰ ਕਰ ਦਿੱਤੇ ਜਿਨ੍ਹਾਂ ਦਾ ਉਨ੍ਹਾਂ ਪਹਿਲਾਂ ਜ਼ਿਕਰ ਕੀਤਾ ਸੀ। ਪਹਿਲਾਂ ਤਾਂ ਕੈਪਟਨ ਕਹਿੰਦੇ ਸੀ ਕਿ ਲਾਂਘਾ ਪਾਕਿਸਤਾਨ ਦੀ ਸਾਜਿਸ਼ ਤਹਿਤ ਖੁੱਲ੍ਹ ਰਿਹਾ ਹੈ। ਰੈਫਰੰਡਮ 2020 ਦੀ ਜਦੋਂ ਮੰਗ ਉੱਠ ਰਹੀ ਹੈ, ਉਦੋਂ ਹੀ ਕਿਉਂ ਪਾਕਿਸਤਾਨ ਲਾਂਘ ਖੋਲ੍ਹ ਰਿਹਾ ਹੈ। ਇੱਥੋਂ ਤਕ ਕਿ ਕੈਪਟਨ ਨੇ ਇਸ ਨੂੰ ਪਾਕਿ ਖੁਫੀਆ ਏਜੰਸੀ ਆਈਐਸਆਈ ਦੀ ਚਾਲ ਵੀ ਦੱਸਿਆ ਸੀ।

ਕਰਤਾਰਪੁਰ ਸਾਹਿਬ ਦੀ ਯਾਤਰਾ ਕਰਕੇ ਮੁੱਖ ਮੰਤਰੀ ਨੂੰ ਯਕੀਨ ਹੋ ਗਿਆ ਕਿ ਲਾਂਘਾ ਪਾਕਿਸਤਾਨ ਦੀ ਨਾਪਾਕ ਸਾਜਿਸ਼ ਨਹੀਂ ਸਗੋਂ ਵਿਛਿੜਿਆਂ ਨੂੰ ਮਿਲਾਉਣ ਦਾ ਉਪਰਾਲਾ ਸੀ। ਇਸ ਲਈ ਕੈਪਟਨ ਨੇ ਇੱਕ ਵਾਰ ਮੁੜ ਪਾਕਿਸਤਾਨ ਨੂੰ ਸਾਰੇ ਗੁਰਧਾਮਾਂ ਦੇ ਦਰਵਾਜ਼ੇ ਖੋਲ੍ਹਣ ਦੀ ਅਪੀਲ ਕੀਤੀ। ਹੁਣ ਮੁੱਖ ਮੰਤਰੀ ਵੀ ਸਾਂਝੀਵਾਲਤਾ ਦੇ ਸੰਦੇਸ਼ ਨੂੰ ਅਪਣਾਉਣ ਦੀ ਅਪੀਲ ਕਰਦੇ ਕਹਿ ਰਹੇ ਨੇ ਕਿ ਵੈਰ ਵਿਰੋਧ 'ਚ ਕੀ ਰੱਖਿਆ ਹੈ। ਸਭ ਨੂੰ ਇੱਕ ਹੋਣ ਦੀ ਜ਼ਰੂਰਤ ਹੈ।

ਕਰਤਰਪੁਰ ਸਾਹਿਬ ਦਾ ਲਾਂਘਾ 9 ਨਵੰਬਰ ਨੂੰ ਖੋਲ੍ਹ ਦਿੱਤਾ ਗਿਆ ਸੀ। ਭਾਰਤ ਵੱਲੋਂ ਪ੍ਰਧਾਨ ਮੰਤਰੀ ਨਰੇਂਦਰ ਮੋਤੀ ਤੇ ਪਾਕਿਸਤਾਨ ਵਾਲੇ ਪਾਸੇ ਪੀਐਮ ਇਮਰਾਨ ਖ਼ਾਨ ਨੇ ਲਾਂਘੇ ਦਾ ਉਦਘਾਟਨ ਕੀਤਾ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਪਹਿਲੇ ਜਥੇ 'ਚ ਇਮਰਾਨ ਖ਼ਾਨ ਦੇ ਸਮਾਗਮ 'ਚ ਸ਼ਾਮਲ ਹੋਣ ਲਈ ਪਹੁੰਚੇ ਸਨ। ਪਹਿਲੇ ਜਥੇ 'ਚ 575 ਲੋਕ ਪਾਕਿਸਤਾਨ ਗਏ ਸਨ।