ਨਫਰਤ ਦੀ ਅੱਗ 'ਚ ਸਿੱਖਾਂ ਦੀ ਵੱਖਰੀ ਮਿਸਾਲ, ਕਸ਼ਮੀਰ 'ਚ ਚਰਚਾ ਦਾ ਵਿਸ਼ਾ ਬਣੇ ਸਿੱਖ
ਏਬੀਪੀ ਸਾਂਝਾ | 22 Feb 2019 01:39 PM (IST)
ਸ੍ਰੀਨਗਰ: ਪੁਲਵਾਮਾ ਹਮਲੇ ਮਗਰੋਂ ਪੂਰੇ ਦੇਸ਼ ਵਿੱਚ ਫੈਲੀ ਨਫਰਤ ਦੀ ਅੱਗ ਵਿਚਾਲੇ ਸਿੱਖਾਂ ਨੇ ਵੱਖਰੀ ਮਿਸਾਲ ਕਾਇਮ ਕੀਤੀ ਹੈ। ਦੇਸ਼ 'ਚ ਨਫਰਤ ਦੇ ਮਾਹੌਲ ਵਿੱਚ ਸਹਿਮੇ ਕਸ਼ਮੀਰੀ ਵਿਦਿਆਰਥੀਆਂ ਤੇ ਕਾਰੋਬਾਰੀਆਂ ਲਈ ਸਿੱਖ ਫਰਿਸਤੇ ਬਣ ਕੇ ਬਹੁੜੇ ਹਨ। ਇਸ ਨਾਲ ਸਿੱਖ ਜਥੇਬੰਦੀਆਂ ਦੀ ਸਹਾਇਤਾ ਤੋਂ ਕਸ਼ਮੀਰੀ ਇੰਨੇ ਪ੍ਰਭਾਵਿਤ ਹੋਏ ਕਿ ਇਸ ਵੇਲੇ ਉਨ੍ਹਾਂ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕਸ਼ਮੀਰ ਵਿੱਚ ਕਰਿਆਨਾ ਸਟੋਰ, ਮੈਡੀਕਲ ਸਟੋਰ, ਹੋਟਲ, ਵਕੀਲ ਤੇ ਹੋਰ ਕਾਰੋਬਾਰੀ ਸਿੱਖਾਂ ਨੂੰ ਵੱਖ-ਵੱਖ ਆਫਰ ਦੇ ਰਹੇ ਹਨ। ਕਈ ਸਕੂਲਾਂ ਨੇ ਸਿੱਖਾਂ ਦੀਆਂ ਫੀਸਾਂ ਮਾਫ ਕਰਨ ਦਾ ਐਲਾਨ ਕੀਤਾ ਹੈ। ਬੱਚਿਆਂ ਨੂੰ ਮੁਫਤ ਵਰਦੀਆਂ ਦੇਣ ਦਾ ਆਫਰ ਦਿੱਤਾ ਜਾ ਰਿਹਾ ਹੈ। ਵਕੀਲਾਂ ਨੇ ਬਿਨਾ ਫੀਸ ਕੇਸ ਲੜਨ ਦਾ ਐਲਾਨ ਕੀਤਾ ਹੈ। ਇਸ ਦਾ ਉਹ ਫੇਸਬੁੱਕ ਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਪ੍ਰਚਾਰ ਕਰ ਰਹੇ ਹਨ। ਕਈ ਕਸ਼ਮੀਰੀ ਸਿੱਖ ਸੰਸਥਾ ਖਾਲਸਾ ਏਡ ਨੂੰ ਸਹਾਇਤਾ ਰਾਸ਼ੀ ਦੇਣ ਦੀ ਪੇਸ਼ਕਸ਼ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ ਸਿੱਖਾਂ ਦੀਆਂ ਤਾਰੀਫਾਂ ਕਰਦਿਆਂ ਉਨ੍ਹਾਂ ਨੂੰ ਅਸਲ ਇਨਸਾਨ ਦੱਸ ਰਹੇ ਹਨ। ਸਿੱਖਾਂ ਦਾ ਦਿਲੋਂ ਸ਼ੁਕਰਾਨਾ ਕਰਨ ਲਈ ਸੋਸ਼ਲ ਮੀਡੀਆ 'ਤੇ ਪੋਸਟਾਂ ਦਾ ਹੜ੍ਹ ਆਇਆ ਹੋਇਆ ਹੈ। ਇੱਕ ਸਿੱਖ ਵੱਲੋਂ ਡੁੱਬ ਰਹੇ ਕਸ਼ਮੀਰੀ ਨੂੰ ਬਚਾਉਣ ਲਈ ਵਧਾਏ ਗਏ ਹੱਥ ਵਾਲਾ ਕਾਰਟੂਨ ਹਿੱਟ ਚੱਲ਼ ਰਿਹਾ ਹੈ। ਕਾਰਟੂਨਿਸਟ ਸੁਹੇਲ ਨਕਸ਼ਬੰਦੀ ਨੇ ਟਵੀਟ ਕਰਕੇ ਕਿਹਾ,‘‘ਸਰਦਾਰ ਦਾ ਮਤਲਬ ਹੈ ਆਗੂ ਜੋ ਅਜਿਹਾ ਰਾਹ ਦਸੇਰਾ ਹੁੰਦਾ ਹੈ ਜੋ ਸਿਰਫ਼ ਨਸੀਹਤਾਂ ਨਹੀਂ ਕਰਦਾ ਸਗੋਂ ਅਮਲੀ ਰੂਪ ’ਚ ਉਸ ਨੂੰ ਅੰਜਾਮ ਵੀ ਦਿੰਦਾ ਹੈ। ਹਰ ਥਾਂ ’ਤੇ ਸਹਾਇਤਾ ਦਾ ਹੱਥ ਵਧਾਉਣ ਵਾਲਿਆਂ ਨੂੰ ਸਿਜਦਾ।’’ ਇਸ ਵੇਲੇ ਵਾਦੀ ਵਿੱਚ 80 ਹਜ਼ਾਰ ਤੋਂ ਵੱਧ ਸਿੱਖ ਰਹਿ ਰਹੇ ਹਨ। ਸਿੱਖਾਂ ਜਥੇਬੰਦੀਆਂ ਦੇ ਇਸ ਉਪਰਾਲੇ ਨੇ ਵਾਦੀ ਵਿੱਚ ਰਹਿੰਦੇ ਕਸ਼ਮੀਰੀ ਸਿੱਖਾਂ ਦਾ ਵੀ ਮਾਣ ਵਧਾਇਆ ਹੈ। ਉਨ੍ਹਾਂ ਦੀ ਸੁਰੱਖਿਆ ਹੋਰ ਯਕੀਨੀ ਹੋਈ ਹੈ।