ਚੰਡੀਗੜ੍ਹ: ਪਾਕਿਸਤਾਨ ਸਰਕਾਰ ਵੱਲੋਂ ਭਾਰਤੀ ਹਵਾਈ ਉਡਾਣਾਂ ਲਈ ਰਾਹ ਖੋਲ੍ਹਣ ਨਾਲ ਪੰਜਾਬ ਨੂੰ ਵੀ ਕਾਫੀ ਲਾਹਾ ਹੋਏਗਾ। ਗੁਆਂਢੀ ਮੁਲਕ ਦੇ ਇਸ ਫੈਸਲੇ ਮਗਰੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਬੰਦ ਹੋਈਆਂ ਤੇ ਤਬਦੀਲ ਹੋਈਆਂ ਕਈ ਕੌਮਾਂਤਰੀ ਉਡਾਣਾਂ ਮੁੜ ਸ਼ੁਰੂ ਹੋਣਗੀਆਂ।

ਦਰਅਸਲ ਪੁਲਵਾਮਾ ਹਮਲੇ ਮਗਰੋਂ ਭਾਰਤੀ ਹਵਾਈ ਸੈਨਾ ਵੱਲੋਂ ਪਾਕਿਸਤਾਨ ਵਿੱਚ ਕੀਤੇ ਏਅਰਸਟ੍ਰਾਈਕ ਕਰਕੇ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਵਧ ਗਿਆ ਸੀ। ਇਸ ਲਈ 26 ਫਰਵਰੀ ਨੂੰ ਪਾਕਿਸਤਾਨ ਸਰਕਾਰ ਨੇ ਆਪਣੇ ਦੇਸ਼ ਦਾ ਹਵਾਈ ਲਾਂਘਾ ਭਾਰਤ ਵਿੱਚ ਆਉਣ ਵਾਲੇ ਜਹਾਜ਼ਾਂ ਲਈ ਬੰਦ ਕਰ ਦਿੱਤਾ ਸੀ। ਇਸ ਕਾਰਨ ਅੰਮ੍ਰਿਤਸਰ ਹਵਾਈ ਅੱਡੇ ਤੋਂ ਸੱਤ ਕੌਮਾਂਤਰੀ ਉਡਾਣਾਂ ਪ੍ਰਭਾਵਿਤ ਹੋਈਆਂ ਸਨ। ਦੋ ਉਡਾਣਾਂ ਤਾਂ ਰੱਦ ਹੋ ਗਈਆਂ ਸਨ ਤੇ ਪੰਜ ਉਡਾਣਾਂ ਨੂੰ ਦਿੱਲੀ ਤਬਦੀਲ ਕਰ ਦਿੱਤਾ ਗਿਆ ਸੀ।

ਸੂਤਰਾਂ ਮੁਤਾਬਕ ਪਾਕਿਸਤਾਨ ਸਰਕਾਰ ਵੱਲੋਂ ਹਵਾਈ ਲਾਂਘਾ ਵਰਤਣ ’ਤੇ ਲਾਈ ਰੋਕ ਖਤਮ ਕੀਤੇ ਜਾਣ ਮਗਰੋਂ ਹਵਾਈ ਕੰਪਨੀਆਂ ਵੱਲੋਂ ਬੰਦ ਕੀਤੀਆਂ ਤੇ ਤਬਦੀਲ ਕੀਤੀਆਂ ਉਡਾਣਾਂ ਜਲਦੀ ਬਹਾਲ ਕੀਤੇ ਜਾਣ ਦੀ ਉਮੀਦ ਹੈ। ਇਸ ਨਾਲ ਜਿਥੇ ਯਾਤਰੂਆਂ ਨੂੰ ਫਾਇਦਾ ਹੋਵੇਗਾ, ਉਥੇ ਹਵਾਈ ਅੱਡੇ ’ਤੇ ਯਾਤਰੂਆਂ ਦੀ ਆਮਦ ਪਹਿਲਾਂ ਵਾਂਗ ਹੋ ਜਾਵੇਗੀ।

ਪਾਕਿਸਤਾਨ ਵੱਲੋਂ ਹਵਾਈ ਲਾਂਘਾ ਵਰਤਣ ’ਤੇ ਲਾਈ ਗਈ ਰੋਕ ਕਾਰਨ ਏਅਰ ਇੰਡੀਆ ਹਵਾਈ ਕੰਪਨੀ ਦੀ ਦਿੱਲੀ-ਅੰਮ੍ਰਿਤਸਰ-ਬਰਮਿੰਘਮ ਤੇ ਤੁਰਕਮੇਨਿਸਤਾਨ ਹਵਾਈ ਕੰਪਨੀ ਦੀ ਅੰਮ੍ਰਿਤਸਰ-ਅਸ਼ਕਾਬਾਦ-ਬਰਮਿੰਘਮ ਉਡਾਣ ਰੱਦ ਹੋ ਗਈ ਸੀ। ਇਸੇ ਤਰ੍ਹਾਂ ਉਜਬੇਕਿਸਤਾਨ ਹਵਾਈ ਕੰਪਨੀ ਦੀ ਅੰਮ੍ਰਿਤਸਰ-ਤਾਸ਼ਕੰਦ ਤੇ ਕਤਰ ਹਵਾਈ ਕੰਪਨੀ ਦੀ ਅੰਮ੍ਰਿਤਸਰ-ਦੋਹਾ ਉਡਾਣ ਨੂੰ ਬਾਰਸਤਾ ਮੁੰਬਈ ਚਲਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਦੁਬਈ ਜਾਣ ਵਾਲੀਆਂ ਤਿੰਨ ਉਡਾਣਾਂ ਵੀ ਮੁੰਬਈ ਰਸਤੇ ਅਰਬ ਸਾਗਰ ਦੇ ਉਪਰੋਂ ਹੋ ਕੇ ਦੁਬਈ ਜਾ ਰਹੀਆਂ ਹਨ।