ਚੰਡੀਗੜ੍ਹ: ਨਵਾਂ ਸਾਲ ਪੰਜਾਬ ਪੁਲਿਸ ਲਈ ਵੱਡੀ ਖੁਸ਼ਖਬਰੀ ਲੈ ਕੇ ਆਇਆ ਹੈ। ਹੁਣ ਪੰਜਾਬ ਪੁਲਿਸ ਦੇ 80,000 ਜਵਾਨ ਹਫ਼ਤਾਵਾਰੀ ਛੁੱਟੀ ਲੈ ਸਕਣਗੇ। ਪੁਲਿਸ ਮੁਲਾਜ਼ਮਾਂ ਦੀ ਇਹ ਬੜੇ ਲੰਮੇ ਸਮੇਂ ਤੋਂ ਮੰਗ ਸੀ ਪਰ ਸੁਰੱਖਿਆ ਦੇ ਹਵਾਲਾ ਦੇ ਕੇ ਸਰਕਾਰ ਇਸ ਨੂੰ ਟਾਲਦੀ ਆ ਰਹੀ ਸੀ।

ਹੁਣ ਪੰਜਾਬ ਪੁਲਿਸ ਨੇ ਆਪਣੇ ਮੁਲਾਜ਼ਮਾਂ ਨੂੰ ਨਵੇਂ ਸਾਲ ਦਾ ਤੋਹਫ਼ਾ ਦਿੰਦਿਆਂ ਜਨਵਰੀ 2020 ਤੋਂ ਹਫ਼ਤਾਵਾਰੀ ਛੁੱਟੀ ਦੇਣ ਦਾ ਐਲਾਨ ਕੀਤਾ ਹੈ। ਜਨਵਰੀ ਮਹੀਨੇ ਤੋਂ ਮੁਲਾਜ਼ਮਾਂ ਦੀ ਤਾਇਨਾਤੀ ਅੱਠ ਘੰਟਿਆਂ ਲਈ ਸ਼ਿਫਟਾਂ ਦੇ ਆਧਾਰ ਉੱਤੇ ਹੋਵੇਗੀ ਤੇ ਨਿਯਮਿਤ ਹਫ਼ਤਾਵਾਰੀ ਛੁੱਟੀ ਦਿੱਤੀ ਜਾਵੇਗੀ।

ਇਹ ਜਾਣਕਾਰੀ ਪੰਜਾਬ ਪੁਲਿਸ ਦੇ ਮੁਖੀ ਦਿਨਕਰ ਗੁਪਤਾ ਨੇ ਦਿੱਤੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੁਲਿਸ ਕਿਸੇ ਵੀ ਰਾਜਸੀ ਵਿਅਕਤੀ ਦੇ ਗੈਂਗਸਟਰਾਂ ਨਾਲ ਸਬੰਧਾਂ ਦੇ ਮਾਮਲੇ ਵਿੱਚ ਕਾਰਵਾਈ ਕਰਨ ਲਈ ਆਜ਼ਾਦ ਹੈ।