ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਲਈ ਅਗਲੀ ਅਗਨੀ ਪ੍ਰੀਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹਨ। ਨਿਯਮਾਂ ਮੁਤਾਬਕ ਇਹ ਚੋਣਾਂ ਦਸੰਬਰ 2016 ਵਿੱਚ ਹੋਣੀਆਂ ਸੀ ਪਰ ਸੰਕਟ ਵਿੱਚ ਘਿਰੇ ਹੋਣ ਕਰਕੇ ਅਕਾਲੀ ਦਲ ਇਸ ਨੂੰ ਟਾਲਣ ਦੇ ਰੌਂਅ ਵਿੱਚ ਸੀ। ਹੁਣ ਲੋਕ ਸਭਾ ਚੋਣਾਂ ਮਗਰੋਂ ਇਹ ਮੁੱਦਾ ਮੁੜ ਗਰਮਾ ਗਿਆ ਹੈ।

Continues below advertisement


ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਚੁੱਕੇ ਵਿਧਾਇਕ ਤੇ ਸੀਨੀਅਰ ਵਕੀਲ ਐਚਐਸ ਫੂਲਕਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਬਾਰੇ ਚਿੱਠੀ ਲਿਖੀ ਹੈ। ਉਨ੍ਹਾਂ ਨੇ ਕੈਪਟਨ ਨੂੰ ਕਿਹਾ ਹੈ ਕਿ ਉਹ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲ ਕੇ ਸਿੱਖਾਂ ਦੀ ਇਸ ਸਭ ਤੋਂ ਸੁਪਰੀਮ ਸੰਸਥਾ ਦੀਆਂ ਚੋਣਾਂ ਕਰਵਾਉਣ ਦੀ ਮੰਗ ਕੇਂਦਰ ਕੋਲ ਉਠਾਉਣ।


ਉਧਰ, ਕੈਪਟਨ ਸਰਕਾਰ ਵੀ ਚਾਹੁੰਦੀ ਹੈ ਕਿ ਇਹ ਚੋਣਾਂ ਜਲਦ ਹੋਣ ਕਿਉਂਕਿ ਸ਼੍ਰੋਮਣੀ ਕਮੇਟੀ ਤੋਂ ਅਕਾਲੀ ਦਲ ਦਾ ਕਬਜ਼ਾ ਤੋੜਨ ਦਾ ਇਹ ਸਹੀ ਵੇਲਾ ਹੈ। ਉਂਝ ਕਾਂਗਰਸ ਸਿੱਧੇ ਤੌਰ 'ਤੇ ਇਨ੍ਹਾਂ ਚੋਣਾਂ ਵਿੱਚ ਹਿੱਸਾ ਨਹੀਂ ਲੈਂਦੀ ਪਰ ਅਕਾਲੀ ਦਲ ਦਾ ਪੰਥਕ ਵੋਟਾਂ ਤੋਂ ਕਬਜ਼ਾ ਤੋੜਨ ਲਈ ਉਸ ਨੂੰ ਸ਼੍ਰੋਮਣੀ ਕਮੇਟੀ ਤੋਂ ਲਾਂਭੇ ਕਰਨਾ ਜ਼ਰੂਰੀ ਹੈ। ਸਿੱਖ ਸਿਆਸਤ ਵਿੱਚ ਜਿਸ ਧਿਰ ਦਾ ਸ਼੍ਰੋਮਣੀ ਕਮੇਟੀ 'ਤੇ ਕਬਜ਼ਾ ਹੁੰਦਾ ਹੈ, ਉਹ ਹੀ ਪੰਥ ਦੀ ਨੁਮਾਇੰਦਾ ਮੰਨੀ ਜਾਂਦੀ ਹੈ।

ਇਸ ਬਾਰੇ ਫੂਲਕਾ ਦਾ ਕਹਿਣਾ ਹੈ ਕਿ ਪੰਜਾਬ ਵਿਧਾਨ ਸਭਾ ਵਿੱਚ 14 ਫਰਵਰੀ 2019 ਨੂੰ ਮਤਾ ਪਾਸ ਕਰਕੇ ਕੇਂਦਰ ਨੂੰ ਅਪੀਲ ਕੀਤੀ ਸੀ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਛੇਤੀ ਕਰਵਾਈਆਂ ਜਾਣ। ਫੂਲਕਾ ਨੇ ਕੈਪਟਨ ਨੂੰ ਯਾਦ ਕਰਵਾਇਆ ਕਿ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕਿ ਉਹ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਜ਼ੋਰ ਨਾਲ ਆਖਣਗੇ ਕਿ ਸ਼੍ਰੋਮਣੀ ਕਮੇਟੀ ਚੋਣਾਂ ਲਈ ਮੁੱਖ ਕਮਿਸ਼ਨਰ ਨਿਯੁਕਤ ਕੀਤਾ ਜਾਵੇ।