ਗਗਨਦੀਪ ਸ਼ਰਮਾ
ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਵਿੱਚ ਬਗ਼ਾਵਤ ਦਾ ਝੰਡਾ ਬੁਲੰਦ ਕਰਨ ਵਾਲੇ ਮਾਝੇ ਦੇ ਜਰਨੈਲ ਰਣਜੀਤ ਸਿੰਘ ਬ੍ਰਹਮਪੁਰਾ ਦੇ ਤੇਵਰਾਂ ਤੋਂ ਬਾਅਦ ਅਕਾਲੀ ਦਲ ਨੇ ਵੀ ਬ੍ਰਹਮਪੁਰਾ ਨੂੰ ਘੇਰਨ ਦੀ ਵਿਉਂਤਬੰਦੀ ਕਰ ਲਈ ਹੈ। ਦੋਵਾਂ ਧਿਰਾਂ ਨੇ ਹੁਣ ਆਰਪਾਰ ਦੀ ਲੜਾਈ ਦਾ ਮਨ ਬਣਾ ਲਿਆ ਹੈ। ਇੱਕ ਪਾਸੇ ਜਿੱਥੇ ਸੁਖਬੀਰ ਸਿੰਘ ਬਾਦਲ ਲਗਾਤਾਰ ਬ੍ਰਹਮਪੁਰਾ ਨੂੰ ਆਪਣੇ ਸਤਿਕਾਰਯੋਗ ਕਹਿ ਕੇ ਪੁਕਾਰ ਰਹੇ ਸਨ, ਉੱਥੇ ਹੀ ਹੁਣ ਸੁਖਬੀਰ ਦੇ ਇਸ਼ਾਰੇ 'ਤੇ ਹਲਕੇ ਦੇ ਅਕਾਲੀ ਵਰਕਰਾਂ ਨੇ ਬ੍ਰਹਮਪੁਰਾ ਦੀ ਇਸ ਕਾਰਵਾਈ ਉੱਪਰ ਪ੍ਰਸ਼ਨ ਚਿੰਨ੍ਹ ਉਠਾਉਣੇ ਸ਼ੁਰੂ ਕਰ ਦਿੱਤੇ ਹਨ।
ਹੋਰ ਤਾਂ ਹੋਰ ਬ੍ਰਹਮਪੁਰਾ ਦੇ ਮੋਢੇ 'ਤੇ ਚੜ੍ਹ ਕੇ ਸ਼੍ਰੋਮਣੀ ਕਮੇਟੀ ਦੀ ਮੈਂਬਰੀ ਹਾਸਲ ਕਰਨ ਵਾਲੇ ਅਲਵਿੰਦਰਪਾਲ ਸਿੰਘ ਪੱਖੋਕੇ ਨੇ ਅੱਜ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਤੇ ਭਰੋਸਾ ਪ੍ਰਗਟਾਇਆ ਹੈ। ਉਨ੍ਹਾਂ ਨੇ ਤਰਨ ਤਾਰਨ ਵਿੱਚ ਪਾਰਟੀ ਦੇ ਹਲਕਾ ਖ਼ਡੂਰ ਸਾਹਿਬ ਨਾਲ ਸਬੰਧਤ ਅਕਾਲੀ ਵਰਕਰਾਂ ਨਾਲ ਪੱਤਰਕਾਰ ਸੰਮੇਲਨ ਕਰਕੇ ਬ੍ਰਹਮਪੁਰਾ ਦੀਆਂ ਕਾਰਵਾਈਆਂ ਨੂੰ ਪਾਰਟੀ ਵਿਰੋਧੀ ਕਹਿ ਦਿੱਤਾ ਹੈ।
ਅਲਵਿੰਦਰ ਪਾਲ ਸਿੰਘ ਪੱਖੋਕੇ ਤੋਂ ਇਲਾਵਾ ਗੁਰਬਚਨ ਸਿੰਘ ਕਰਮੂੰਵਾਲਾ ਜਨਰਲ ਸਕੱਤਰ ਸ਼੍ਰੋਮਣੀ ਕਮੇਟੀ, ਰਮਨਦੀਪ ਸਿੰਘ ਭਰੋਵਾਲ ਸਮੇਤ ਹਲਕੇ ਨਾਲ ਸਬੰਧਤ ਅਕਾਲੀ ਆਗੂਆਂ ਨੇ ਅੱਜ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਇੱਥੋਂ ਤੱਕ ਸਵਾਲ ਕਰ ਦਿੱਤਾ ਕਿ ਉਹ ਸਥਿਤੀ ਸਪੱਸ਼ਟ ਕਰਨ ਕਿ ਉਹ ਕਿਸ ਦੇ ਇਸ਼ਾਰੇ 'ਤੇ ਪਾਰਟੀ ਵਿੱਚ ਬਗ਼ਾਵਤ ਕਰ ਰਹੇ ਹਨ। ਉਕਤ ਆਗੂਆਂ ਨੇ ਬ੍ਰਹਮਪੁਰਾ ਨੂੰ ਪੁੱਛਿਆ ਕਿ 10 ਸਾਲ ਅਕਾਲੀ ਸਰਕਾਰ ਵੇਲੇ ਸੱਤਾ ਦਾ ਆਨੰਦ ਮਾਣਨ ਵਾਲੇ ਬ੍ਰਹਮਪੁਰਾ ਹੁਣ ਕਿਉਂ ਬੋਲ ਰਹੇ ਹਨ।
ਉਨ੍ਹਾਂ ਕਿਹਾ ਕਿ 2012 ਵਿੱਚ ਜਦੋਂ ਸੂਬੇ ਵਿੱਚ ਦੁਬਾਰਾ ਅਕਾਲੀ ਦਲ ਦੀ ਸਰਕਾਰ ਬਣੀ ਸੀ ਤਾਂ ਬ੍ਰਹਮਪੁਰਾ ਸੁਖਬੀਰ ਬਾਦਲ ਦੇ ਸੋਹਲੇ ਗਾਉਂਦੇ ਦਿਖਾਈ ਦਿੰਦੇ ਸਨ। ਹੋਰ ਤਾਂ ਹੋਰ ਬ੍ਰਹਮਪੁਰਾ ਨੇ ਜਦੋਂ 2012 ਦੀ ਚੋਣ ਹਾਰੀ ਤਾਂ ਪਾਰਟੀ ਤੇ ਉਨ੍ਹਾਂ ਨੂੰ 2014 ਵਿੱਚ ਲੋਕ ਸਭਾ ਦੀ ਟਿਕਟ ਦਿੱਤੀ ਤੇ ਮੈਂਬਰ ਪਾਰਲੀਮੈਂਟ ਬਣਾ ਦਿੱਤਾ। ਉਨ੍ਹਾਂ ਦੇ ਪੁੱਤਰ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਦੋ ਵਾਰ ਟਿਕਟ ਦਿੱਤੀ ਜਿਨ੍ਹਾਂ ਵਿੱਚੋਂ ਇੱਕ ਵਾਰੀ ਵਿਧਾਇਕ ਬਣੇ।
ਤਰਨ ਤਾਰਨ ਹਲਕੇ ਦੇ ਉਕਤ ਅਕਾਲੀ ਆਗੂਆਂ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਬੀਤੇ ਸਮੇਂ ਵਿੱਚ ਵੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਕਈ ਵਾਰ ਵੱਡੇ ਆਗੂਆਂ ਨੇ ਚੁਣੌਤੀ ਦਿੱਤੀ ਸੀ ਪਰ ਇਸ ਨਾਲ ਕੋਈ ਫਰਕ ਨਹੀਂ ਪਿਆ। ਹੁਣ ਜੋ ਅਕਾਲੀ ਦਲ ਵੱਲੋਂ ਬ੍ਰਹਮਪੁਰਾ ਨੂੰ ਮਨਾਉਣ ਦੀ ਬਜਾਏ ਉਨ੍ਹਾਂ ਦੇ ਹਲਕੇ ਵਿਚਲੇ ਅਕਾਲੀ ਆਗੂਆਂ ਨੂੰ ਹਵਾ ਦਿੱਤੀ ਜਾ ਰਹੀ ਹੈ, ਇਸ ਤੋਂ ਸਪੱਸ਼ਟ ਹੈ ਕਿ ਬ੍ਰਹਮਪੁਰਾ ਨੂੰ ਮਨਾਉਣ ਦੀ ਅਕਾਲੀ ਦਲ ਵੱਲੋਂ ਕੋਈ ਕੋਸ਼ਿਸ਼ ਨਹੀਂ ਹੋਵੇਗੀ।
ਇਸ ਦੇ ਨਾਲ ਹੀ ਆਉਣ ਵਾਲੇ ਦਿਨਾਂ ਵਿੱਚ ਅਕਾਲੀ ਦਲ ਬ੍ਰਹਮਪੁਰਾ ਦੇ ਹਲਕੇ ਵਿੱਚ ਕਿਸੇ ਹੋਰ ਆਗੂ ਨੂੰ ਹੱਲਾਸ਼ੇਰੀ ਦੇਣ ਦੀ ਤਿਆਰੀ ਕਰ ਸਕਦਾ ਹੈ। ਇਹ ਸਾਰੀ ਪ੍ਰੈੱਸ ਕਾਨਫਰੰਸ ਨੂੰ ਕਰਵਾਉਣ ਪਿੱਛੇ ਹੱਥ ਤਰਨ ਤਾਰਨ ਹਲਕੇ ਦੇ ਵਿਧਾਇਕ ਰਹੇ ਤੇ ਸੁਖਬੀਰ ਦੇ ਕਰੀਬੀ ਹਰਮੀਤ ਸਿੰਘ ਸੰਧੂ ਦਾ ਹੈ। ਇਸ ਦੇ ਨਾਲ ਹੀ ਪਾਰਟੀ ਵੱਲੋਂ ਹੁਣ ਬ੍ਰਹਮਪੁਰਾ ਦੇ ਅਸਤੀਫੇ ਤੋਂ ਬਾਅਦ ਬਣੀ ਸਥਿਤੀ ਨੂੰ ਕਾਬੂ ਕਰਨ ਲਈ ਡੈਮੇਜ ਕੰਟਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ।