ਚੰਡੀਗੜ੍ਹ: ਇਰਾਕ ਦੇ ਮੋਸੂਲ ਵਿੱਚ ਮਾਰੇ ਗਏ 39 ਭਾਰਤੀਆਂ ਦੇ ਪਰਿਵਾਰ ਇਨਸਾਫ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਇਸ ਦਰਦਨਾਕ ਹਾਦਸੇ ਵਿੱਚ ਬਹੁਤੇ ਪੰਜਾਬੀ ਸਨ। ਕੇਂਦਰ ਤੇ ਪੰਜਾਬ ਸਰਕਾਰ ਨੇ ਹਾਦਸੇ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਰੁਜ਼ਗਾਰ ਦੇਣ ਦੇ ਵਾਅਦੇ ਕੀਤੇ ਸਨ, ਜੋ ਹਾਲੇ ਤਕ ਪੂਰੇ ਨਹੀਂ ਕੀਤੇ ਗਏ।

ਜ਼ਿਕਰਯੋਗ ਹੈ ਕਿ 2014 ਵਿੱਚ ਇਰਾਕ ’ਚ ਅੱਤਵਾਦੀਆਂ ਨੇ 39 ਭਾਰਤੀਆਂ ਨੂੰ ਗੋਲ਼ੀਆਂ ਮਾਰ ਦਿੱਤੀਆਂ ਸਨ। ਭਾਰਤ ਸਰਕਾਰ ਵੱਲੋਂ ਜੱਦੋ-ਜ਼ਹਿਦ ਕਰਨ ਤੋਂ ਬਾਅਦ ਪਰਿਵਾਰਾਂ ਨੂੰ ਤਿੰਨ ਸਾਲ ਬਾਅਦ ਮ੍ਰਿਤਕਾਂ ਦੀਆਂ ਲਾਸ਼ਾਂ ਮਿਲੀਆਂ ਸਨ।

ਹਾਦਸੇ ਤੋਂ ਬਾਅਦ ਕੇਂਦਰ ਤੇ ਪੰਜਾਬ ਸਰਕਾਰ ਨੇ ਇਨ੍ਹਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਦੇਣ ਤੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕਣ ਦਾ ਵਾਅਦਾ ਕੀਤਾ ਸੀ। ਇਸ ਦੇ ਨਾਲ ਹੀ ਸਰਕਾਰ ਨੇ ਕਿਹਾ ਸੀ ਕਿ ਜਿੰਨਾ ਸਮਾਂ ਪਰਿਵਾਰਾਂ ਨੂੰ ਨੌਕਰੀ ਨਹੀਂ ਮਿਲਦੀ, ਓਨਾ ਚਿਰ ਉਨ੍ਹਾਂ ਨੂੰ ਪ੍ਰਤੀ ਮਹੀਨਾ 20-20 ਹਜ਼ਾਰ ਰੁਪਏ ਦਾ ਭੱਤਾ ਦਿਤਾ ਜਾਵੇਗਾ। ਅਜੇ ਤਕ ਪੰਜਾਬ ਦੇ ਸਿਰਫ਼ ਦੋ ਪੀੜਤ ਪਰਿਵਾਰਾਂ ਨੂੰ ਨੌਕਰੀ ਮਿਲੀ ਹੈ ਜੋ ਸਿਰਫ 5300 ਰੁਪਏ ਪ੍ਰਤੀ ਮਹੀਨਾ ਹੈ।

ਪਰਿਵਾਰ ਦਾ ਇਲਜ਼ਾਮ ਹੈ ਕਿ ਏਨੀ ਤਨਖ਼ਾਹ ਨਾਲ ਤਾਂ ਪਰਿਵਾਰ ਦੀ ਰੋਜ਼ੀ ਰੋਟੀ ਵੀ ਨਹੀਂ ਚੱਲ ਸਕਦੀ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਉਨ੍ਹਾਂ ਨੂੰ ਵਾਜਬ ਨੌਕਰੀ ਤੇ ਭੱਤੇ ਨਾ ਦਿੱਤੇ ਤਾਂ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਦਾ ਘਿਰਾਉ ਕਰਨ ਲਈ ਮਜਬੂਰ ਹੋਣਗੇ।