ਗੁਰਦਾਸਪੁਰਾ: ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਤੋਂ ਆਪਣੀ ਪ੍ਰਧਾਨਗੀ 'ਤੇ ਪੱਕੀ ਮੋਹਰ ਲਵਾਉਣ ਮਗਰੋਂ ਸੁਖਬੀਰ ਬਾਦਲ ਨੇ ਬਾਗੀ ਟਕਸਾਲੀ ਲੀਡਰਾਂ ਨੂੰ ਸਬਕ ਸਿਖਾਉਣ ਦੀ ਰਣਨੀਤੀ ਘੜ ਲਈ ਹੈ। ਸੁਖਬੀਰ ਬਾਦਲ ਨੇ ਇਲਾਕੇ ਦੇ ਹੋਰ ਲੀਡਰਾਂ ਨੂੰ ਬਾਗੀਆਂ ਖਿਲਾਫ ਡਟਣ ਦਾ ਇਸ਼ਾਰਾ ਕਰ ਦਿੱਤਾ ਹੈ। ਹਾਈਕਮਾਨ ਦੇ ਹੁਕਮਾਂ ਤੋਂ ਬਾਅਦ ਸਥਾਨਕ ਲੀਡਰਾਂ ਨੇ ਬਾਗੀ ਟਕਸਾਲੀਆਂ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ।


ਅੱਜ ਵਿਧਾਨ ਸਭਾ ਹਲਕਾ ਬਟਾਲਾ ਦੇ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਸਾਬਕਾ ਵਿਧਾਇਕ ਸ਼੍ਰੀ ਹਰਗੋਬਿੰਦਪੁਰ ਦੇਸ਼ਰਾਜ ਧੁੱਗਾ ਤੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰੀਸ਼ਦ ਮੈਬਰਾਂ ਨੇ ਪ੍ਰੈੱਸ ਕਾਨਫਰੰਸ ਕਰੇ ਕਿਹਾ ਹੈ ਕਿ ਸੇਵਾ ਸਿੰਘ ਸੇਖਵਾਂ ਨੂੰ ਪਾਰਟੀ ਵਿੱਚੋਂ ਕੱਢ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਹੈ ਕਿ ਸੇਖਵਾਂ ਨੇ ਪਾਰਟੀ ਖਿਲਾਫ ਬਗਾਵਤ ਕੀਤੀ ਹੈ। ਇਸ ਲਈ ਉਨ੍ਹਾਂ ਨੂੰ ਸੁਖਬੀਰ ਸਿੰਘ ਬਾਦਲ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਉਣ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਰਣਜੀਤ ਸਿੰਘ ਬ੍ਰਹਮਪੁਰਾ ਖਿਲਾਫ ਵੀ ਸਥਾਨਕ ਲੀਡਰਾਂ ਨੇ ਆਵਾਜ਼ ਬੁਲੰਦ ਕੀਤੀ ਸੀ।

ਕਾਬਲੇਗੌਰ ਹੈ ਕਿ ਸੇਖਵਾਂ ਤੇ ਬ੍ਰਹਮਪੁਰਾ ਸਮੇਤ ਹੋਰ ਸੀਨੀਅਰ ਲੀਡਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਉੱਤੇ ਸਵਾਲ ਚੁੱਕ ਚੁਕੇ ਹਨ। ਪਾਰਟੀ ਪ੍ਰਧਾਨ ਬਦਲਣ ਦੀ ਮੰਗ ਵੀ ਕਰ ਚੁੱਕੇ ਹਨ। ਸੁਖਬੀਰ ਬਾਦਲ ਨੇ ਇਸ ਦਾ ਜਵਾਬ ਦੇਣ ਲਈ ਹੁਣ ਟਕਸਾਲੀ ਨੇਤਾਵਾਂ ਦੇ ਵਿਰੋਧ ਵਿੱਚ ਸਥਾਨ ਲੀਡਰਾਂ ਨੂੰ ਉਤਾਰਿਆ ਹੈ।

ਬਟਾਲਾ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਵਿਧਾਨ ਸਭਾ ਹਲਕਾ ਬਟਾਲਾ ਦੇ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਨੇ ਆਖਿਆ ਕਿ ਸੇਵਾ ਸਿੰਘ ਸੇਖਵਾਂ ਜਦੋਂ ਤੱਕ ਅਕਾਲੀ ਦਲ ਦੀ ਸਰਕਾਰ ਸੀ, ਉਦੋਂ ਤੱਕ ਫਾਇਦੇ ਲੈਂਦੇ ਰਹੇ। ਹੁਣ ਅਕਾਲੀ ਦਲ ਦੀ ਸਰਕਾਰ ਨਹੀਂ ਹੈ ਤਾਂ ਪਾਰਟੀ ਵਿਰੋਧੀ ਗਤੀਵਿਧੀਆਂ ਕਰ ਬਗਾਵਤੀ ਰੁਖ ਅਪਣਾ ਰਹੇ ਹਨ। ਉਨ੍ਹਾਂ ਆਖਿਆ ਕਿ ਸੇਖਵਾਂ ਤਿੰਨ ਸਾਲ ਤੱਕ ਤਾਂ ਬਰਗਾੜੀ ਗਏ ਨਹੀਂ, ਹੁਣ ਉਨ੍ਹਾਂ ਨੂੰ ਬਰਗਾੜੀ ਯਾਦ ਆਈ ਹੈ।