ਚੰਡੀਗੜ੍ਹ: ਬਠਿੰਡਾ ਲੋਕ ਸਭਾ ਹਲਕੇ ਤੋਂ ਹਾਰਨ ਮਗਰੋਂ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਤੇ ਪੰਜਾਬ ਏਕਤਾ ਪਾਰਟੀ ਦੇ ਉਮੀਦਵਾਰ ਦੇ ਸਿੰਗ ਫਸ ਗਏ ਹਨ। ਦੋਵੇਂ ਲੀਡਰ ਸਟੇਜਾਂ ਤੋਂ ਬਾਅਦ ਹੁਣ ਫੇਸਬੁੱਕ 'ਤੇ ਆਹਮੋ-ਸਾਹਮਣੇ ਹੋ ਗਏ ਹਨ।


ਪੀਡੀਏ ਵੱਲੋਂ ਚੋਣ ਲੜੇ ਸੁਖਪਾਲ ਖਹਿਰਾ ਨੇ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਵੱਲੋਂ ਉਨ੍ਹਾਂ ’ਤੇ ਬਾਦਲਾਂ ਨਾਲ ਮਿਲਣ ਦੇ ਲਾਏ ਇਲਜ਼ਾਮਾਂ ਤੋਂ ਬਾਅਦ ਆਪਣੇ ਫੇਸਬੁੱਕ ਪੇਜ ’ਤੇ ਪਾਈ ਪੋਸਟ ਵਿੱਚ ਰਾਜਾ ਵੜਿੰਗ ਖਿਲਾਫ਼ ਖੂਬ ਭੜਾਸ ਕੱਢੀ। ਖਹਿਰਾ ਨੇ ਰਾਜਾ ਵੜਿੰਗ ਨੂੰ ਉਨ੍ਹਾਂ ਉਪਰ ਲਾਏ ਇਲਜ਼ਾਮਾਂ ਨੂੰ ਸਾਬਤ ਕਰਨ ਦੀ ਚੁਣੌਤੀ ਦਿੱਤੀ ਹੈ।


ਉਨ੍ਹਾਂ ਕਿਹਾ ਕਿ ਇਲਜ਼ਾਮ ਸਰਾਸਰ ਝੂਠੇ ਤੇ ਮਨਘੜਤ ਹਨ ਤੇ ਉਨ੍ਹਾਂ ਚੋਣਾਂ ਵਿੱਚ ਬਾਦਲਾਂ ਦੀ ਕੋਈ ਮਦਦ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਵੜਿੰਗ ਇਲਜ਼ਾਮ ਸਾਬਤ ਕਰ ਦੇਵੇ ਤਾਂ ਉਹ ਸਿਆਸਤ ਤੋਂ ਸੰਨਿਆਸ ਲੈ ਲੈਣਗੇ ਨਹੀਂ ਤਾਂ ਵੜਿੰਗ ਸਿਆਸਤ ਛੱਡਣ ਦਾ ਹੀਆ ਦਿਖਾਏ।


ਉਨ੍ਹਾਂ ਵੜਿੰਗ ਨੂੰ ਕਿਹਾ ਕਿ ਉਹ ਕਦੇ ਵੀ ਬਹਿਬਲ ਕਲਾਂ ਗੋਲੀ ਕਾਂਡ ਦੇ ਸ਼ਹੀਦਾਂ ਦੇ ਘਰ ਨਹੀਂ ਗਿਆ ਤੇ ਕੈਪਟਨ ਸਰਕਾਰ ਨੇ ਬਰਗਾੜੀ ਇਨਸਾਫ ਮਾਰਚ ਨੂੰ ਤਾਰਪੀਡੋ ਕਰਨ ਲਈ 7 ਅਕਤੂਬਰ ਨੂੰ ਲੰਬੀ ਵਿੱਚ ਬਰਾਬਰ ਰੈਲੀ ਕੀਤੀ ਸੀ ਤਾਂ ਜੋ ਲੋਕ ਬਰਗਾੜੀ ਨਾ ਜਾ ਸਕਣ।