ਜਲੰਧਰ : ਇੰਗਲੈਂਡ ਵਿੱਚ ਰਹਿਣ ਵਾਲੇ ਇੱਕ ਪੰਜਾਬੀ ਨੇ ਉੱਥੋਂ ਦੀ ਸਰਕਾਰ ਉੱਤੇ ਉਸ ਨੂੰ ਜਾਸੂਸੀ ਲਈ ਇਸਤੇਮਾਲ ਕਰਨ ਦਾ ਦੋਸ਼ ਲਗਾਇਆ ਹੈ। ਐਨ ਆਰ ਆਈ ਦਾ ਦੋਸ਼ ਹੈ ਕਿ ਉਸ ਦੇ ਸਰੀਰ ਵਿੱਚ ਕੁੱਝ ਯੰਤਰ ਫਿੱਟ ਕੀਤੇ ਗਏ ਸਨ। ਮਾਮਲੇ ਤੋਂ ਪਰਦਾ ਉਸ ਸਮੇਂ ਚੁੱਕਿਆ ਗਿਆ ਜਦੋਂ ਜਲੰਧਰ ਦੇ ਡਿਪਟੀ ਕਮਿਸ਼ਨਰ ਕੇ ਕੇ ਯਾਦਵ ਕੋਲ ਗ੍ਰਹਿ ਮੰਤਰਾਲਾ ਦਾ ਇੱਕ ਪੱਤਰ ਮਿਲਿਆ। ਪੱਤਰ ਵਿੱਚ ਡਿਪਟੀ ਕਮਿਸ਼ਨਰ ਨੂੰ ਆਦੇਸ਼ ਦਿੱਤਾ ਕਿ ਸੰਸਾਰਪੁਰ ਦੇ ਰਹਿਣ ਵਾਲੇ ਐਨਆਰਆਈ ਹਰਿੰਦਰ ਪਾਲ ਸਿੰਘ ਦੀ ਸਰਜਰੀ ਕਰਵਾ ਕੇ ਉਸ ਦੇ ਸਰੀਰ ਵਿਚ ਲੱਗੇ ਜਾਸੂਸੀ ਦੇ ਉਪਕਰਨ ਬਾਹਰ ਕਢਵਾਏ ਜਾਣ।
ਇਹ ਸਰਜਰੀ ਮਿਲਟਰੀ ਹਸਪਤਾਲ ਵਿਚ ਹੋਵੇਗੀ। ਹਰਿੰਦਰਪਾਲ, ਸੰਸਾਰਪੁਰ ਦੇ ਮਸ਼ਹੂਰ ਓਲੰਪੀਅਨ ਅਰਜਨ ਐਵਾਰਡੀ ਜਗਜੀਤ ਸਿੰਘ ਦਾ ਬੇਟਾ ਹੈ। ਦਰਅਸਲ, ਹਰਿੰਦਰ ਪਾਲ ਸਿੰਘ ਤਿੰਨ ਸਾਲ ਪਹਿਲਾਂ ਇੰਗਲੈਂਡ ਤੋਂ ਪਰਤਿਆ ਹੈ। ਉਸ ਦਾ ਦਾਅਵਾ ਹੈ ਕਿ ਉੱਥੇ ਦੀ ਪੁਲਿਸ ਨੇ ਉਸ ਕੋਲੋਂ ਜਾਸੂਸੀ ਕਰਵਾਈ। ਉਸ ਦੇ ਸਰੀਰ ਵਿਚ ਕੁੱਝ ਉਪਕਰਨ ਪਾ ਦਿੱਤੇ ਜੋ ਅੱਜ ਤੱਕ ਉਸ ਦੇ ਸਰੀਰ ਵਿਚ ਹਨ।
ਹਰਿੰਦਰ ਪਾਲ ਸਿੰਘ ਅਨੁਸਾਰ ਉਸ ਨੂੰ ਹਰ ਸਮੇਂ ਲੱਗਦਾ ਹੈ ਕਿ ਕੋਈ ਉਸ ਦਾ ਪਿੱਛਾ ਕਰ ਰਿਹਾ ਹੈ। ਉਸ ਨੇ ਭਾਰਤੀ ਗ੍ਰਹਿ ਮੰਤਰਾਲੇ ਵਿਚ ਸਰਜਰੀ ਕਰਵਾ ਕੇ ਆਪਣੇ ਸਰੀਰ ਵਿਚੋਂ ਜਾਸੂਸੀ ਦੇ ਉਪਕਰਨ ਕਢਵਾਏ ਜਾਣ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ 11 ਅਗਸਤ ਨੂੰ ਡੀ ਸੀ ਕੇ ਕੇ ਯਾਦਵ ਨੂੰ ਕਿਹਾ ਗਿਆ ਹੈ ਕਿ ਹਰਿੰਦਰ ਨੂੰ ਮਿਲਟਰੀ ਹਸਪਤਾਲ ਵਿਚ ਦਾਖ਼ਲ ਕਰਾਇਆ ਜਾਵੇ। ਇਨ੍ਹਾਂ ਦੀ ਜਾਂਚ ਤੋਂ ਬਾਅਦ ਹਰਿੰਦਰਪਾਲ ਦੇ ਦਾਅਵਿਆਂ ਦੀ ਸਚਾਈ ਸਾਹਮਣੇ ਆ ਸਕੇਗੀ। ਹਰਿੰਦਰਪਾਲ ਨੇ ਦੱਸਿਆ ਕਿ 15 ਸਾਲ ਦੀ ਉਮਰ ਵਿੱਚ ਉਹ ਆਪਣੀ ਦਾਦੀ ਦੇ ਨਾਲ ਯੂ ਕੇ ਗਿਆ ਸੀ।
1987 ਵਿੱਚ ਜਦੋਂ ਉਹ ਆਪਣੇ ਕਮਰੇ ਵਿੱਚ ਸੁੱਤਾ ਪਿਆ ਸੀ ਤਾਂ ਸਾਦੀ ਵਰਦੀ ਵਿੱਚ ਬਰਤਾਨੀਆ ਪੁਲਿਸ ਦੇ ਕੁੱਝ ਕਰਮੀਂ ਆਏ। ਹਰਿੰਦਰਪਾਲ ਅਨੁਸਾਰ ਉਨ੍ਹਾਂ ਨੇ ਮੈਨੂੰ ਬੇਹੋਸ਼ ਕਰ ਕੇ ਮੇਰੇ ਸਿਰ ਵਿਚ ਜਾਸੂਸੀ ਉਪਕਰਨ ਲੱਗਾ ਦਿੱਤੇ। ਹਰਿੰਦਰਪਾਲ ਸਿੰਘ ਦਾ ਦੋਸ਼ ਹੈ ਕਿ 10 ਸਾਲ ਤੱਕ ਪੁਲਿਸ ਦਾ ਜਾਸੂਸੀ ਲਈ ਇਸਤੇਮਾਲ ਕਰਦੀ ਰਹੀ। ਉਨ੍ਹਾਂ ਦੱਸਿਆ ਕਿ 1996 ਵਿਚ ਮੇਰੀ 3 ਸਾਲ ਦੀ ਧੀ ਦੀ ਹਾਦਸੇ ਵਿਚ ਮੌਤ ਹੋ ਗਈ ਸੀ। ਜਿਸ ਨੂੰ ਪੁਲਿਸ ਨੇ ਕਤਲ ਦਾ ਰੂਪ ਦਿੱਤਾ ਅਤੇ ਇਸ ਦਾ ਜ਼ਿੰਮੇਵਾਰ ਮੈਨੂੰ ਬਣਾਇਆ ਗਿਆ।
ਇਸੇ ਕੇਸ ਵਿਚ 1997 ਵਿਚ ਹਰਿੰਦਰਪਾਲ ਸਿੰਘ ਨੂੰ 15 ਸਾਲ 8 ਮਹੀਨੇ ਦੀ ਸਜਾ ਹੋਈ। ਹਰਿੰਦਰਪਾਲ ਸਿੰਘ 13 ਫਰਵਰੀ 2013 ਨੂੰ ਜੇਲ੍ਹ ਤੋਂ ਛੱਡਿਆ ਅਤੇ ਉਸ ਨੂੰ ਜਲੰਧਰ ਡੀ ਪੋਰਟ ਕਰ ਦਿੱਤਾ। ਹਰਿੰਦਰਪਾਲ ਸਿੰਘ ਦਾ ਬਾਕੀ ਪਰਿਵਾਰ ਇਸ ਸਮੇਂ ਯੂ ਕੇ ਵਿਚ ਹੀ ਹੈ। ਹਰਿੰਦਰਪਾਲ ਸਿੰਘ ਅਨੁਸਾਰ ਉਸ ਨੇ ਆਪਣੀ ਮੈਡੀਕਲ ਰਿਪੋਰਟ ਗ੍ਰਹਿ ਮੰਤਰਾਲੇ ਨੂੰ ਭੇਜੀ ਸੀ ਜਿਸ ਤੋਂ ਬਾਅਦ ਉਸ ਦੀ ਸਰਜਰੀ ਦਾ ਆਦੇਸ਼ ਡਿਪਟੀ ਕਮਿਸ਼ਨਰ ਨੂੰ ਦਿੱਤਾ ਗਿਆ ਹੈ।