ਨਿਊਯਾਰਕ: ਅਮਰੀਕਾ 'ਚ 'ਸਿੱਖ ਪ੍ਰਾਜੈਕਟ' ਤਸਵੀਰ ਪ੍ਰਦਰਸ਼ਨੀ ਲਗਾਈ ਗਈ ਹੈ। ਇਹ ਪ੍ਰਦਰਸ਼ਨੀ 17-25 ਸਤੰਬਰ ਤੱਕ ਚੱਲੇਗੀ। ਇਸ ਰਾਹੀਂ ਸਿੱਖਾਂ ਦੀ ਸਹੀ ਪਹਿਚਾਣ ਨੂੰ ਦਰਸਾਇਆ ਜਾ ਰਿਹਾ ਹੈ। 2001 ਦੀ ਘਟਨਾ ਦੇ 15 ਸਾਲ ਬੀਤ ਜਾਣ 'ਤੇ ਵੀ ਅਮੇਰਿਕਨ ਸਿੱਖ ਨਸਲੀ ਹਿੰਸਾ ਦਾ ਸ਼ਿਕਾਰ ਹੋ ਰਹੇ ਹਨ। ਸਤੰਬਰ 2011 'ਚ ਸਿੱਖਾਂ ਨੂੰ ਮੁਸਲਿਮ ਸਮਝ ਕੇ ਕੀਤੇ ਗਏ ਹਮਲਿਆਂ ਦੌਰਾਨ ਕਈ ਸਿੱਖ ਮਾਰ ਦਿੱਤੇ ਗਏ ਸਨ, ਜਿਨਾਂ ਨੂੰ ਸਿੱਖ ਭਾਈਚਾਰਾ ਅੱਜ ਤੱਕ ਭੁਲਾ ਨਹੀਂ ਸਕਿਆ।




ਯੂਨਾਈਟਿਡ ਨੇਸ਼ਨ ਪ੍ਰਤੀ ਸਿੱਖਾਂ ਦੀਆਂ ਸੇਵਾਵਾਂ ਤੇ ਪਹਿਚਾਣ ਪ੍ਰਤੀ ਅਮਰੀਕਨ ਸਿੱਖਾਂ ਵੱਲੋਂ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ। ਮੁਹਿੰਮ ਦੇ ਤਹਿਤ ਅੱਜ ਤੋਂ ਨਿਊਯਾਰਕ 'ਚ ਭਾਰਤੀ ਮੂਲ ਦੇ ਅਮਰੀਕੀ ਫੋਟੋਗ੍ਰਾਫਰ ਅਮਿਤ ਤੇ ਨਾਰੂਪ ਵੱਲੋਂ ਖਿੱਚੀਆਂ ਸਿੱਖਾਂ ਦੀਆਂ ਤਸਵੀਰਾਂ ਦੀ ਇੱਕ ਪ੍ਰਦਰਸ਼ਨੀ ਲਗਾਈ ਗਈ ਹੈ। ਜਿਸ ਦੁਆਰਾ ਅਮਰੀਕਾ ਭਰ 'ਚ ਸਿੱਖਾਂ ਦੀਆਂ ਅਮਰੀਕਾ ਦੀ ਅਰਥਵਿਵਸਥਾ ਤੇ ਵਿਕਾਸ 'ਚ ਪਾਏ ਯੋਗਦਾਨ ਨੂੰ ਦਿਖਾਇਆ ਜਾਵੇਗਾ। ਇਸ ਪ੍ਰਦਰਸ਼ਨੀ 'ਚ 40 ਨਾਮੀ ਦਸਤਾਰਧਾਰੀ ਸਿੱਖਾਂ ਦੇ Portrait ਲਗਾਏ ਗਏ ਨੇ ਜੋ ਅਮਰੀਕਾ 'ਚ ਵੱਖ ਵੱਖ ਖੇਤਰਾਂ 'ਚ ਕੰਮ ਕਰਦੇ ਹਨ। ਅਮਿਤ ਤੇ ਨਾਰੂਪ ਨੇ 2013 'ਚ 'ਸਿੱਖ ਪ੍ਰਾਜੈਕਟ' ਦੇ ਤਹਿਤ ਤਸਵੀਰਾਂ ਖਿੱਚਣੀਆਂ ਸ਼ੁਰੂ ਕੀਤੀਆਂ ਸਨ। ਉਨਾਂ ਨੇ ਖਾਸ ਤੌਰ 'ਤੇ ਦਸਤਾਰਧਾਰੀ ਤੇ ਦਾਹੜੇ ਵਾਲੇ ਸਾਬਤ ਸੂਰਤ ਸਿੱਖਾਂ ਨੂੰ ਫੋਕਸ ਕੀਤਾ ਜੋ ਆਧੁਨਿਕ ਯੁੱਗ ਦੇ ਵੱਖ-ਵੱਖ ਖੇਤਰਾਂ 'ਚ ਨਾਮੀ ਯੋਗਦਾਨ ਪਾ ਰਹੇ ਹਨ।
ਸਾਲ 2001 ਦਾ ਸਤੰਬਰ ਮਹੀਨਾ ਅਮਰੀਕਾ ਵਸਦੇ ਸਿੱਖਾਂ ਲਈ ਬਹੁਤ ਮੁਸ਼ਕਿਲਾਂ ਭਰਿਆ ਸੀ। ਜਦੋਂ ਸਿੱਖ ਵੱਡੀ ਪੱਧਰ 'ਤੇ ਨਸਲੀ ਹਮਲਿਆਂ ਦੇ ਸ਼ਿਕਾਰ ਹੋਏ ਸਨ। ਉਦੋਂ ਬਹੁਤ ਸਾਰੇ ਪਰਿਵਾਰਾਂ ਨੇ ਆਪਣੇ ਜੀਅ ਗੁਆਏ ਸਨ। ਹਾਲਾਂਕਿ ਅੱਜ ਤੱਕ ਲਗਾਤਾਰ ਸਿੱਖ ਵਿਦੇਸ਼ੀ ਧਰਤੀ 'ਤੇ ਅਜਿਹੇ ਨਫਰਤ ਭਰੇ ਹਮਲਿਆਂ ਦੇ ਸ਼ਿਕਾਰ ਹੋ ਰਹੇ ਹਨ। ਕਈ ਵਾਰ ਤਾਂ ਸਿੱਖਾਂ ਨੂੰ ਮੁਸਲਿਮ ਦਹਿਸ਼ਤਗਰਦ ਸਮਝ ਕੇ ਨਿਸ਼ਾਨਾ ਬਣਾਇਆ ਜਾਂਦਾ ਹੈ। ਅਜਿਹੇ 'ਚ ਆਪਣੀ ਹੋਂਦ ਤੇ ਇਤਿਹਾਸ ਦੱਸਣ ਲਈ ਅਮਰੀਕਾ ਵਸਦੇ ਪੰਜਾਬੀਆਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ।
ਕੈਮਰਾਮੈਨ ਨਾਰੂਪ ਨੇ ਦੱਸਿਆ ਕਿ ਸਿੱਖ ਪ੍ਰਾਜੈਕਟ ਆਪਣੀ ਕਿਸਮ ਦਾ ਪਹਿਲਾ ਤੇ ਨਿਵੇਕਲਾ ਪ੍ਰਾਜੈਕਟ ਹੈ ਜਦੋਂ ਸਿਰਫ ਸਿੱਖਾਂ ਦੀ ਫੋਟੋਗ੍ਰਾਫੀ ਕੀਤੀ ਗਈ ਹੋਵੇ। ਉਨਾਂ ਦੱਸਿਆ ਕਿ ਫੋਟੋਗ੍ਰਾਫ ਕੀਤੇ ਸਾਰੇ ਸਿੱਖਾਂ ਨੂੰ ਸਟੂਡੀਉ 'ਚ ਬੁਲਾ ਕੇ ਕੁਝ ਵੱਖਰੇ ਅੰਦਾਜ਼ 'ਚ ਫੋਟੋਗ੍ਰਾਫ ਕੀਤਾ ਗਿਆ ਹੈ। ਪ੍ਰਦਰਸ਼ਨੀ ਲਾਉਣ ਦਾ ਮਕਸਦ ਅਮਰੀਕਾ ਵਾਸੀਆਂ ਨੂੰ ਇਹ ਦੱਸਣਾ ਹੈ ਕਿ ਸਿੱਖ ਇੱਕ ਕਮਿਊਨਿਟੀ ਨਾਲ ਸਬੰਧਤ ਹਾਂ ਤੇ ਦੁਨੀਆ ਦੇ ਹਰ ਹਿੱਸੇ 'ਚ ਵਸਦੇ ਨੇ ਤੇ ਦੇਸ਼ ਉਸਾਰੀ 'ਚ ਵੱਡਾ ਯੋਗਦਾਨ ਪਾਉਂਦੇ ਨੇ।