ਹੁਸ਼ਿਆਰਪੁਰ: ਗੁਰੂ ਨਾਨਕ ਦੇ ਘਰ ਦੀ ਵਡਿਆਈ ਹੈ ਕਿ ਇੱਥੇ ਨਿਮਾਣਿਆਂ ਨੂੰ ਮਾਣ, ਨਿਤਾਣਿਆਂ ਨੂੰ ਤਾਣ ਅਤੇ ਲੋੜਵੰਦਾਂ ਨੂੰ ਆਸਰਾ ਮਿਲਦਾ ਹੈ। ਜਿੱਥੇ ਕਿਤੇ ਵੀ ਮਦਦ ਦੀ ਲੋੜ ਪੈਂਦੀ ਹੈ ਸਿੱਖ ਹਰ ਸੰਭਵ ਮਦਦ ਲਈ ਪਹੁੰਚ ਜਾਂਦੇ ਹਨ। ਅਜਿਹੀ ਮਿਸਾਲ ਹੁਸ਼ਿਆਰਪੁਰ ਵਿੱਚ ਗੁਰੂ ਰਾਮਦਾਸ ਲੰਗਰ ਸੇਵਾ ਵੱਲੋਂ ਵੀ ਪੇਸ਼ ਕੀਤੀ ਗਈ ਹੈ। ਗੁਰੂ ਰਾਮਦਾਸ ਲੰਗਰ ਸੇਵਾ ਦੇ ਯਤਨਾਂ ਸਦਕਾ ਸਮੂਹ ਪ੍ਰਵਾਸੀ ਪੰਜਾਬੀਆਂ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਗਰੀਬ ਲੋਕਾਂ ਤੇ ਹਰ ਲੋੜਵੰਦਾਂ ਲਈ ਲੰਗਰ ਸੇਵਾ ਦੀ ਆਰੰਭਤਾ ਕੀਤੀ ਗਈ।


ਦਰਅਸਲ ਗੁਰੂ ਰਾਮਦਾਸ ਲੰਗਰ ਸੇਵਾ ਵੱਲੋਂ ਕਰੋੜਾਂ ਦੀ ਲਾਗਤ ਨਾਲ ‘ਲੰਗਰ ਰਸੋਈ’ ਬਣਾਈ ਗਈ ਹੈ ਜਿੱਥੋਂ ਰੋਜ਼ਾਨਾ ਲੱਖਾਂ ਰੁਪਏ ਦਾ ਭੋਜਨ ਤਿਆਰ ਕਰਕੇ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਵਿੱਚ ਭੇਜਿਆ ਜਾਵੇਗਾ। ਬਾਹਰਲੇ ਮੁਲਕਾਂ ਦੀ ਤਰਜ਼ ’ਤੇ ਤਿਆਰ ਇਸ ਰਸੋਈ ਵਿੱਚ ਅਤਿ ਆਧੁਨਿਕ ਮਸ਼ੀਨਾਂ ਨਾਲ ਤਿੰਨ ਸਮੇਂ ਦਾ ਖਾਣਾ ਤਿਆਰ ਕੀਤਾ ਜਾਏਗਾ ਤੇ ਹਰ ਰੋਜ਼ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਵਿੱਚ ਭੇਜਿਆ ਜਾਵੇਗਾ।

ਅੱਜ ਇਸ ਰਸੋਈ ਦੀ ਸ਼ੁਰੂਆਤ ਕੀਤੀ ਗਈ। ਇਸ ਮਹਾਨ ਸੇਵਾ ਦੀ ਸ਼ੁਰੂਆਤ ਮੌਕੇ ਵੱਡੀ ਗਿਣਤੀ ਪੰਥਕ ਸ਼ਖ਼ਸੀਅਤਾਂ ਦੀ ਮੌਜੂਦਗੀ ’ਚ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਨੂੰ ਲੰਗਰ ਵਾਲੀਆਂ ਗੱਡੀਆਂ ਦਾ ਕਾਫ਼ਲਾ ਰਵਾਨਾ ਕੀਤਾ ਗਿਆ। ਸੰਸਥਾ ਵੱਲੋਂ ਗੱਡੀਆਂ ਜ਼ਰੀਏ ਤਿੰਨੋਂ ਟਾਈਮ ਦਾ ਖਾਣਾ ਜ਼ਰੂਰਤਮੰਦਾਂ ਤਕ ਪਹੁੰਚਾਇਆ ਜਾਏਗਾ। 24 ਘੰਟੇ ਗੁਰੂ ਕਾ ਲੰਗਰ ਵਰਤੇਗਾ।

ਇੱਥੋਂ 24 ਘੰਟੇ ਲੰਗਰ ਮਿਲੇਗਾ। ਲੰਗਰ ਤਿਆਰ ਕਰਨ ਲਈ ਆਧੁਨਿਕ ਤਕਨੀਕ ਦਾ ਇਸਤੇਮਾਲ ਕਰਦਿਆਂ ਮਸ਼ੀਨਾਂ ਲਾਈਆਂ ਗਈਆਂ ਹਨ ਜਿਨ੍ਹਾਂ ਨਾਲ ਇੱਕੋ ਸਮੇਂ 10 ਹਜ਼ਾਰ ਲੋਕਾਂ ਦਾ ਖਾਣਾ ਤਿਆਰ ਕੀਤਾ ਜਾ ਸਕਦਾ ਹੈ। ਇੱਕ ਮਸ਼ੀਨ ਇੱਕ ਘੰਟੇ ਵਿੱਚ 4 ਹਜ਼ਾਰ ਰੋਟੀਆਂ ਤਿਆਰ ਕਰਨ ਦੇ ਸਮਰਥ ਹੈ ਤੇ ਇਹ 24 ਘੰਟੇ ਕੰਮ ਕਰੇਗੀ।

ਸਿੱਖ ਤਬਕੇ ਦੀਆਂ ਤਮਾਮ ਹਸਤੀਆਂ ਨੇ ਸੰਸਥਾ ਦੇ ਸੰਸਥਾਪਕ ਦੀ ਰੱਜ ਕੇ ਸ਼ਲਾਘਾ ਕੀਤੀ ਹੈ। ਸ਼ਖ਼ਸੀਅਤਾਂ ਦਾ ਕਹਿਣਾ ਹੈ ਕਿ ਸੰਸਥਾ ਦਾ ਉਪਰਾਲਾ ਕਾਬਿਲੇ ਤਾਰੀਫ ਹੈ। ਸੰਸਥਾ ਦੀ ਤਮੰਨਾ ਹੈ ਕਿ ਲੰਗਰ ਦੀ ਸੇਵਾ ਤੋਂ ਬਾਅਦ ਉਹ ਜ਼ਰੂਰਤਮੰਦਾਂ ਤਕ ਦਵਾਈਆਂ ਪਹੁੰਚਾਉਣ ਦਾ ਵੀ ਉਪਰਾਲਾ ਕਰਨਗੇ।