ਰੌਬਟ ਦੀ ਰਿਪੋਰਟ

ਜੰਲਧਰ: ਨਨ ਨਾਲ ਬਲਾਤਕਾਰ ਮਾਮਲੇ ਵਿੱਚ ਮੁਲਜ਼ਮ ਬਿਸ਼ਪ ਫ੍ਰੈਂਕੋ ਮੁਲੱਕਲ ਨੂੰ ਕੋਚੀ ਦੀ ਇੱਕ ਅਦਾਲਤ ਨੇ ਜਲਦੀ ਪੇਸ਼ ਹੋਣ ਦਾ ਆਦੇਸ਼ ਦਿੱਤਾ ਹੈ।ਜਦੋਂ ਤੋਂ ਪੁਲਿਸ ਨੇ ਚਾਰਜਸ਼ੀਟ ਦਾਖਲ ਕੀਤੀ ਹੈ ਉਦੋਂ ਤੋਂ ਫ੍ਰੈਂਕੋ ਮੁਲੱਕਲ ਅਦਾਲਤ ਵਿੱਚ ਪੇਸ਼ ਨਹੀਂ ਹੋਏ।ਹੁਣ ਇਸ ਮਾਮਲੇ 'ਚ ਬੰਬੇ ਹਾਈ ਕੋਰਟ ਅਤੇ ਕਰਨਾਟਕ ਹਾਈ ਕੋਰਟ ਦੇ ਸਾਬਕਾ ਜਸਟਿਸ ਮਾਈਕਲ ਸਲਦਾਨਾ ਨੇ ਕੇਰਲ ਦੇ ਚੀਫ਼ ਜਸਟਿਸ ਨੂੰ ਇੱਕ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਹੇਠਲੀ ਅਦਾਲਤ ਬਿਸ਼ਪ ਫ੍ਰੈਂਕੋ ਮੁਲੱਕਲ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕਰੇ।

ਅਦਾਲਤ ਨੇ ਮੁਲੱਕਲ ਨੂੰ 13 ਵਾਰ ਤਲਬ ਕੀਤਾ ਹੈ।11 ਜੂਨ ਨੂੰ ਹੋਈ ਸੁਣਵਾਈ ਵਿੱਚ ਬਿਸ਼ਪ ਦੇ ਵਕੀਲਾਂ ਨੇ ਅਦਾਲਤ ਨੂੰ ਦੱਸਿਆ ਸੀ ਕਿ ਪੰਜਾਬ ਦੇ ਜਲੰਧਰ ਤੋਂ ਕੋਰੋਨਾ ਕਾਰਨ ਉਡਾਣਾਂ ਬੰਦ ਹਨ। ਨਾਲ ਹੀ, ਜਲੰਧਰ ਤੋਂ ਬਾਹਰ ਨਿਕਲਣ ਤੇ, 14 ਦਿਨਾਂ ਲਈ ਹੋਮ ਕੁਆਰੰਟੀਨ ਦਾ ਪਾਲਣ ਕਰਨਾ ਪਏਗਾ। ਇਸ ਵਾਰ ਵੀ ਮੁਲੱਕਲ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਜਲੰਧਰ ਵਿੱਚ ਕੋਰੋਨਾ ਬਹੁਤ ਜ਼ਿਆਦਾ ਫੈਲ ਚੁੱਕਿਆ ਹੈ। ਕੰਟੇਨਮੈਂਟ ਏਰੀਆ ਹੋਣ ਕਾਰਨ ਸਥਾਨਕ ਪ੍ਰਸ਼ਾਸਨ ਬਿਸ਼ਪ ਨੂੰ ਜਲੰਧਰ ਤੋਂ ਬਾਹਰ ਨਹੀਂ ਜਾਣ ਦੇ ਰਿਹਾ।



ਹੇਠਲੀ ਅਦਾਲਤ ਨੇ ਬਿਸ਼ਪ ਫ੍ਰੈਂਕੋ ਦੇ ਵਕੀਲਾਂ ਨੂੰ ਕੇਸ ਦੀ ਸੁਣਵਾਈ 13 ਵਾਰ ਮੁਲਤਵੀ ਕਰਨ ਲਈ ਸਖ਼ਤ ਚਿਤਾਵਨੀ ਜਾਰੀ ਕੀਤੀ ਹੈ ਕਿਉਂਕਿ ਬਿਸ਼ਪ ਕੇਸ ਦੀ ਸੁਣਵਾਈ ਲਈ ਪੇਸ਼ ਨਹੀਂ ਹੋ ਸਕਿਆ। ਕੇਸ ਦੀ ਅਗਲੀ ਸੁਣਵਾਈ 13 ਜੁਲਾਈ, 2020 ਨੂੰ ਹੈ। ਜੇਕਰ ਬਿਸ਼ਪ ਫ੍ਰੈਂਕੋ ਇਸ ਵਾਰ ਵੀ ਸੁਣਵਾਈ ਲਈ ਨਹੀਂ ਪਹੁੰਚਿਆ ਤਾਂ ਉਸਦੀ ਜ਼ਮਾਨਤ ਰੱਦ ਹੋਣ ਦੀ ਉਮੀਦ ਹੈ ਅਤੇ ਉਸਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਜਲੰਧਰ ਦਾ ਡਾਇਓਸਿਸ ਦਾ ਬਿਸ਼ਪ ਫਰੈਂਕੋ ਮੁਲੱਕਲ, ਭਾਰਤ ਵਿੱਚ ਕੈਥੋਲਿਕ ਚਰਚ ਦਾ ਪਹਿਲਾ ਬਿਸ਼ਪ ਹੈ ਜਿਸ ਨੂੰ ਇੱਕ 44 ਸਾਲਾਂ ਦੀ ਨਨ ਨਾਲ 13 ਵਾਰ ਬਲਾਤਕਾਰ ਕਰਨ ਅਤੇ ਉਸ ਨਾਲ ਬਦਸਲੂਕੀ ਕਰਨ ਦੇ ਇਲਜ਼ਾਮਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸਨੂੰ ਪਿਛਲੇ ਸਾਲ ਜ਼ਮਾਨਤ 'ਤੇ ਰਿਹਾ ਕੀਤਾ ਗਿਆ ਸੀ।

ਇਹ ਵੀ ਪੜ੍ਹੋ:   ਮਾੜੀ ਪੈਦਾਵਾਰ ਤੋਂ ਦੁਖੀ ਹੋ ਕਿਸਾਨਾਂ ਨੇ ਲੱਭਿਆ ਅਨੌਖਾ ਰਾਹ, ਇਸ ਫਸਲ ਤੋਂ ਕਮਾ ਰਿਹਾ 7 ਲੱਖ ਰੁਪਏ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ