ਲਓ ਜੀ ਹੁਣ ਪੰਜਾਬ ਦੀ ਧਰਤੀ ਹੇਠੋਂ ਨਿਕਲੇਗਾ ਪੈਟਰੋਲ
ਏਬੀਪੀ ਸਾਂਝਾ | 08 Nov 2019 04:16 PM (IST)
ਪੰਜਾਬ ਵਿੱਚ ਪੈਟਰੋਲੀਅਮ ਪਦਾਰਥ ਹੋਣ ਦੀ ਮੁੜ ਚਰਚਾ ਛਿੜੀ ਹੈ। ਮਾਛੀਵਾੜਾ ਇਲਾਕੇ ਵਿੱਚ ਇਸ ਬਾਰੇ ਸਰਵੇ ਵੀ ਕਰਵਾਇਆ ਗਿਆ ਸੀ। ਹੁਣ ਭਾਰਤ ਸਰਕਾਰ ਦੀ ਕੰਪਨੀ ਓਐਨਸੀਜੀ ਵੱਲੋਂ ਪ੍ਰਾਈਵੇਟ ਕੰਪਨੀ ਨੂੰ ਠੇਕਾ ਦੇ ਕੇ ਜਾਣਕਾਰੀ ਮੰਗੀ ਜਾ ਰਹੀ ਹੈ ਕਿ ਕਿਸ ਜਗ੍ਹਾ ਉਪਰ ਪੈਟਰੋਲੀਅਮ ਪਦਾਰਥਾਂ ਦੀ ਕਿੰਨੀ ਮਾਤਰਾ ਹੈ।
ਲੁਧਿਆਣਾ: ਪੰਜਾਬ ਵਿੱਚ ਪੈਟਰੋਲੀਅਮ ਪਦਾਰਥ ਹੋਣ ਦੀ ਮੁੜ ਚਰਚਾ ਛਿੜੀ ਹੈ। ਮਾਛੀਵਾੜਾ ਇਲਾਕੇ ਵਿੱਚ ਇਸ ਬਾਰੇ ਸਰਵੇ ਵੀ ਕਰਵਾਇਆ ਗਿਆ ਸੀ। ਹੁਣ ਭਾਰਤ ਸਰਕਾਰ ਦੀ ਕੰਪਨੀ ਓਐਨਸੀਜੀ ਵੱਲੋਂ ਪ੍ਰਾਈਵੇਟ ਕੰਪਨੀ ਨੂੰ ਠੇਕਾ ਦੇ ਕੇ ਜਾਣਕਾਰੀ ਮੰਗੀ ਜਾ ਰਹੀ ਹੈ ਕਿ ਕਿਸ ਜਗ੍ਹਾ ਉਪਰ ਪੈਟਰੋਲੀਅਮ ਪਦਾਰਥਾਂ ਦੀ ਕਿੰਨੀ ਮਾਤਰਾ ਹੈ। ਯਾਦ ਰਹੇ ਪਿਛਲੇ ਮਹੀਨੇ ਦੇ ਸਰਵੇਖਣ ’ਚ ਪਿੰਡ ਝੜੌਦੀ, ਲੱਖੋਵਾਲ ਤੇ ਰਤੀਪੁਰ ਨੇੜੇ ਜ਼ਮੀਨਾਂ ਹੇਠ ਸਰਵੇਖਣ ਕੀਤਾ ਗਿਆ ਸੀ ਜਿਨ੍ਹਾਂ ਦੀ ਰਿਪੋਰਟ ਆਉਣੀ ਬਾਕੀ ਹੈ। ਫਿਰ ਸਰਵੇਖਣ ਕਰ ਰਹੀ ਕੰਪਨੀ ਅਲਫ਼ਾ ਜੀਈਓ ਇੰਡੀਆ ਦੇ ਅਧਿਕਾਰੀਆਂ ਵੱਲੋਂ ਸਤਲੁਜ ਦਰਿਆ ਕਿਨਾਰੇ ਪਿੰਡ ਫੱਸੇ, ਜ਼ਿਲ੍ਹਾ ਰੂਪਨਗਰ ਤੋਂ ਧਰਤੀ ਹੇਠਾਂ ਬਲਾਸਟ ਕਰਕੇ ਤੇਲ ਦੀ ਖੋਜ ਕੀਤੀ ਜਾ ਰਹੀ ਹੈ। ਕੰਪਨੀ ਦੇ ਨੁਮਾਇੰਦੇ ਭੁਪਿੰਦਰ ਸਿੰਘ ਤੇ ਅੰਬਿਕਾ ਪ੍ਰਸ਼ਾਦ ਚੌਧਰੀ ਨੇ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਪਿੰਡ ਫੱਸੇ ਤੋਂ ਸੰਗਰੂਰ ਤੱਕ ਸਰਵੇਖਣ ਕੀਤਾ ਜਾਵੇਗਾ ਜੋ ਨੀਲੋਂ, ਦੋਰਾਹਾ ਰਾਹੀਂ ਗੁਜ਼ਰੇਗਾ। ਇਸ ਦੀ ਰਿਪੋਰਟ ਹੈਦਰਾਬਾਦ ਲੈਬ ’ਚ ਭੇਜੀ ਜਾਵੇਗੀ ਜਿਸ ਸਬੰਧੀ 8 ਤੋਂ 9 ਮਹੀਨੇ ਬਾਅਦ ਜਾਣਕਾਰੀ ਮਿਲੇਗੀ। ਕੰਪਨੀ ਦੇ ਅਧਿਕਾਰੀਆਂ ਵੱਲੋਂ ਪਿੰਡ ਸ਼ੇਰਪੁਰ ਬੇਟ ਵਿੱਚ ਕਿਸਾਨ ਦੇ ਖੇਤ ਵਿੱਚ ਇਹ ਪ੍ਰਾਜੈਕਟ ਸ਼ੁਰੂ ਹੀ ਕੀਤਾ ਸੀ ਕਿ ਕਿਸਾਨ ਵੱਲੋਂ ਉਸ ਦਾ ਵਿਰੋਧ ਕੀਤਾ ਗਿਆ। ਕਿਸਾਨ ਨੇ ਦੱਸਿਆ ਕਿ ਉਸ ਨੇ ਕਣਕ ਦੀ ਬਿਜਾਈ ਕੀਤੀ ਸੀ ਜਿਸ ਦਾ ਕਾਫ਼ੀ ਨੁਕਸਾਨ ਹੋਇਆ ਹੈ। ਕਿਸਾਨ ਵੱਲੋਂ ਵਿਰੋਧ ਕਰਨ ’ਤੇ ਕੰਪਨੀ ਅਧਿਕਾਰੀਆਂ ਨੇ ਉਸ ਦੀ ਜ਼ਮੀਨ ’ਚੋਂ ਮਸ਼ੀਨਾਂ ਹਟਾ ਦਿੱਤੀਆਂ ਤੇ ਫਸਲ ਦੇ ਨੁਕਸਾਨ ਸਬੰਧੀ ਕਲੇਮ ਫਾਰਮ ਭਰ ਦਿੱਤਾ ਗਿਆ। ਉਨ੍ਹਾਂ ਕਿਸਾਨਾਂ ਨੂੰ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਫਸਲਾਂ ਦਾ ਜੋ ਵੀ ਨੁਕਸਾਨ ਹੋਵੇਗਾ, ਉਸ ਦੀ ਭਰਪਾਈ ਕੰਪਨੀ ਵੱਲੋਂ ਕੀਤੀ ਜਾਵੇਗੀ।