ਫਤਹਿਗੜ੍ਹ ਸਾਹਿਬ: ਫਤਹਿਗੜ੍ਹ ਸਾਹਿਬ ਜ਼ਿਲ੍ਹੇ 'ਚ ਪੈਂਦੇ ਪਿੰਡ ਤਾਨਾ 'ਚ ਬੰਬਨੁਮਾ ਚੀਜ਼ ਫਟਣ ਨਾਲ ਹੋਏ ਧਮਾਕੇ 'ਚ ਇੱਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਇੱਕ ਹੋਰ ਗੰਭੀਰ ਜ਼ਖਮੀ ਹੋ ਗਿਆ। ਦਰਅਸਲ ਇਹ ਧਮਾਕਾ ਪਿੰਡ ਦੇ ਸਾਬਕਾ ਸਰਪੰਚ ਦੇ ਭਰਾ ਦੇ ਘਰ ਉਸ ਵੇਲੇ ਹੋਇਆ ਜਦੋਂ ਘਰ 'ਚ ਨਿਰਮਾਣ ਕਾਰਜ ਚੱਲ ਰਿਹਾ ਸੀ।


ਮੌਕੇ 'ਤੇ ਪਹੁੰਚੀ ਪੁਲਿਸ ਤੇ ਫੌਰੈਂਸਕ ਟੀਮ ਇਹ ਜਾਂਚ ਕਰ ਰਹੀ ਹੈ ਕਿ ਆਖਰ ਇੱਟਾਂ 'ਚ ਇਹ ਬੰਬਨੁਮਾ ਚੀਜ਼ ਕਿੱਥੋਂ ਆਈ। ਦੂਜੇ ਪਾਸੇ ਸਾਬਕਾ ਸਰਪੰਚ ਦਾ ਕਹਿਣਾ ਹੈ ਕਿ ਬੰਬਨੁਮਾ ਚੀਜ਼ ਕਿਸੇ ਨੇ ਸਾਜ਼ਿਸ਼ ਤਹਿਤ ਰੱਖੀ ਹੈ ਤੇ ਸਾਜ਼ਿਸ਼ਕਰਤਾ ਕੋਈ ਪਿੰਡ ਦਾ ਵਿਅਕਤੀ ਹੈ।


ਘਟਨਾ 'ਚ ਸੁੱਚਾ ਸਿੰਘ ਦੀ ਮੌਤ ਹੋ ਗਈ ਜਦਕਿ ਅਸ਼ੋਕ ਚੰਦ ਨੂੰ ਪਟਿਆਲਾ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦਰਅਸਲ ਨਿਰਮਾਣ ਕਾਰਜ ਦੌਰਾਨ ਜਦੋਂ ਤਿੰਨ ਜਾਣੇ ਇੱਟਾਂ ਝਾੜ ਰਹੇ ਸਨ ਤਾਂ ਉੱਥੋਂ ਬੰਬਨੁਮਾ ਚੀਜ਼ ਮਿਲੀ ਜਿਸ ਨੂੰ ਘਰ ਦਾ ਨੌਕਰ ਸੁੱਚਾ ਸਿੰਘ ਜਦੋਂ ਟਰਾਲੀ ਨਾਲ ਖਟਖਟਾ ਕੇ ਦੇਖਣ ਲੱਗਾ ਤਾਂ ਜ਼ੋਰਦਾਰ ਧਮਾਕਾ ਹੋਇਆ ਜਿਸ ਨਾਲ ਉਸ ਦੇ ਚੀਥੜੇ ਉੱਡ ਗਏ। ਇਸ ਘਟਨਾ 'ਚ ਘਰ ਦੇ ਮਾਲਕ ਵਿਨੋਦ ਦਾ ਬੇਟਾ ਅਸ਼ੋਕ ਚੰਦ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਮੌਕੇ 'ਤੇ ਪਹੁੰਚੇ ਫਤਹਿਗੜ੍ਹ ਸਾਹਿਬ ਦੇ ਐਸਪੀ ਡੀ ਹਰਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।