ਚੰਡੀਗੜ੍ਹ: ਇਸ ਸਮੇਂ ਪੰਜਾਬ ਵਿੱਚ ਹਰ ਪਾਸੇ ਬੇਅਦਬੀ ਘਟਨਾਵਾਂ ਬਾਰੇ ਚਰਚਾ ਛਿੜੀ ਹੋਈ ਹੈ। ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਆਉਣ ਤੋਂ ਬਾਅਦ ਲੋਕਾਂ ਵਿੱਚ ਰੋਹ ਕਾਫੀ ਵਧ ਗਿਆ ਹੈ।


'ਏਬੀਪੀ ਸਾਂਝਾ' ਵੱਲੋਂ ਕੀਤੇ ਗਏ ਸੋਸ਼ਲ ਮੀਡੀਆ 'ਤੇ ਸਰਵੇਖਣ ਵਿੱਚ ਇਹੋ ਪਾਇਆ ਗਿਆ ਹੈ। 'ਏਬੀਪੀ ਸਾਂਝਾ' ਨੇ ਫੇਸਬੁੱਕ ਰਾਹੀਂ ਆਪਣੇ ਪਾਠਕਾਂ ਨੂੰ ਸਵਾਲ ਕੀਤਾ ਸੀ ਕਿ ਕੀ ਬੇਅਦਬੀ ਘਟਨਾਵਾਂ ਦਾ ਵਿਰੋਧ ਕਰ ਰਹੇ ਸਿੱਖਾਂ 'ਤੇ ਗੋਲ਼ੀ ਚਲਾਉਣ ਲਈ ਸਾਬਕਾ ਮੁੱਖ ਮੰਤਰੀ #ਪ੍ਰਕਾਸ਼_ਸਿੰਘ_ਬਾਦਲ ਨੂੰ ਜ਼ਿੰਮੇਵਾਰ ਠਹਿਰਾਉਣਾ ਜਾਇਜ਼, ਤਾਂ 89 ਫ਼ੀਸਦੀ ਫੇਸਬੁੱਕ ਯੂਜ਼ਰਜ਼ ਨੇ ਇਸ ਦਾ ਜਵਾਬ ਹਾਂ ਵਿੱਚ ਦਿੱਤਾ।

ਉੱਥੇ ਹੀ 11 ਫ਼ੀਸਦੀ ਫੇਸਬੁੱਕ ਵਰਤੋਂਕਾਰਾਂ ਨੇ ਉਕਤ ਸਵਾਲ ਦਾ ਜਵਾਬ ਨਾਂਹ ਵਿੱਚ ਦਿੱਤਾ। ਇਸ ਸਵਾਲ 'ਤੇ 15,700 ਤੋਂ ਵੱਧ ਵੋਟ ਪਾਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ ਤਕਰੀਬਨ 14,000 ਵੋਟਾਂ 'ਹਾਂ' ਦੇ ਪੱਖ ਵਿੱਚ ਤੇ ਲਗਪਗ 1,700 ਵੋਟਾਂ 'ਨਾਂਹ' ਵਾਲੇ ਪਾਸੇ ਪਈਆਂ ਹਨ।

ਜ਼ਿਕਰਯੋਗ ਹੈ ਕਿ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਵੱਲੋਂ ਬੇਅਦਬੀ ਮਾਮਲਿਆਂ 'ਤੇ ਤਿਆਰ ਕੀਤੀ ਗਈ ਰਿਪੋਰਟ ਵਿੱਚ ਤਿੰਨ ਸਾਲ ਪਹਿਲਾਂ ਕੋਟਕਪੂਰਾ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਵਿਰੋਧ ਕਰ ਰਹੇ ਸਿੱਖਾਂ 'ਤੇ ਹੋਈ ਪੁਲਿਸ ਕਾਰਵਾਈ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦਾ ਨਾਂ ਸਾਹਮਣੇ ਆਇਆ ਹੈ। ਬੀਤੀ 16 ਅਗਸਤ ਨੂੰ ਸੌਂਪੀ ਗਈ ਵੱਖਰੀ ਰਿਪੋਰਟ ਵਿੱਚ ਦਰਜ ਕੀਤਾ ਗਿਆ ਹੈ ਕਿ ਕੋਟਕਪੂਰਾ ਵਿੱਚ ਹੋਈ ਪੁਲਿਸ ਕਾਰਵਾਈ ਵਿੱਚ ਮੁੱਖ ਮੰਤਰੀ ਦਫ਼ਤਰ ਨੂੰ ਜਾਣਕਾਰੀ ਦਿੱਤੀ ਜਾਂਦੀ ਰਹੀ ਸੀ।

ਬੀਤੀ 28 ਅਗਸਤ ਨੂੰ ਪੰਜਾਬ ਵਿਧਾਨ ਸਭਾ ਵਿੱਚ ਇਸ ਰਿਪੋਰਟ 'ਤੇ ਹੋਈ ਬਹਿਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਾਬਕਾ ਮੁੱਖ ਮੰਤਰੀ ਉੱਪਰ ਖ਼ੂਬ ਨਿਸ਼ਾਨੇ ਲਾਏ ਸਨ। ਇਸ ਤੋਂ ਬਾਅਦ ਪਿਛਲੀ ਸਰਕਾਰ ਵਿਰੁੱਧ ਲੋਕਾਂ ਵਿੱਚ ਕਾਫੀ ਗੁੱਸਾ ਹੈ।