ਮੁਹਾਲੀ: ਐਸਏਐਸ ਨਗਰ ਮੁਹਾਲੀ ਅਧੀਨ ਪੈਂਦੇ ਜ਼ੀਰਕਪੁਰ ’ਚ ਬੀਤੀ ਰਾਤ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ ਜਿਸ ਦੌਰਾਨ ਦੋ ਬੱਚੀਆਂ ਵੀ ਗੰਭੀਰ ਜ਼ਖ਼ਮੀ ਹੋ ਗਈਆਂ। ਇਨ੍ਹਾਂ ਵਿੱਚੋਂ ਇੱਕ ਅਕਸ਼ਿਤਾ (15) ਦੀ ਖੱਬੀ ਲੱਤ ’ਤੇ ਸੱਟ ਲੱਗੀ ਜਦਕਿ ਦੂਜੀ ਅਵਨੀ (9) ਦੇ ਵੀ ਖੱਬੀ ਲੱਤ ਵਿੱਚ ਦੋ ਥਾਈਂ ਗਨ ਸ਼ੌਟ ਲੱਗੇ। ਇਨ੍ਹਾਂ ਦਾ ਧਕੋਨੀ ਡਿਸਪੈਂਸਰੀ ਵਿੱਚ ਇਲਾਜ ਚੱਲ ਰਿਹਾ ਹੈ। ਦੋਵਾਂ ਦੇ ਮਾਪੇ ਨਿੱਜੀ ਸਕੂਲ ਵਿੱਚ ਅਧਿਆਪਕ ਹਨ।


ਜ਼ਿਕਰਯੋਗ ਹੈ ਕਿ ਬੀਤੇ ਦਿਨ ਪੰਜਾਬ ਪੁਲਿਸ ਤੇ ਯੋਜਨਾਬੱਧ ਜੁਰਮ ਰੋਕੂ ਦਸਤੇ ਦੇ ਸਾਂਝੇ ਆਪ੍ਰੇਸ਼ਨ ਤਹਿਤ ਕੀਤੀ ਕਾਰਵਾਈ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦਾ ਬਦਮਾਸ਼ ਮਾਰਿਆ ਗਿਆ ਜਦਕਿ ਦੋ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਮ੍ਰਿਤਕ ਦੀ ਸ਼ਨਾਖ਼ਤ ਅੰਕਿਤ ਭਾਦੂ ਵਜੋਂ ਹੋਈ ਹੈ। ਪੁਲਿਸ ਮੁਤਾਬਕ ਜ਼ੀਰਕਪੁਰ ਦੀ ਪੀਰ ਮੁੱਛਲਾ ਇਲਾਕੇ ਵਿੱਚ ਸਥਿਤ ਕ੍ਰਿਸ਼ਨਾ ਅਪਾਰਟਮੈਂਟ 'ਚ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਬਦਮਾਸ਼ਾਂ ਦੇ ਲੁਕੇ ਹੋਣ ਦੀ ਖ਼ਬਰ ਸੀ। ਪੁਲਿਸ ਤੇ ਓਪੂ ਦੀਆਂ ਟੀਮਾਂ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪਾ ਮਾਰਿਆ ਤਾਂ ਬਦਮਾਸ਼ਾਂ ਨੇ ਫਾਇਰਿੰਗ ਕਰ ਦਿੱਤੀ।

ਪੁਲਿਸ ਦੀ ਜਵਾਬੀ ਕਾਰਵਾਈ 'ਚ ਇੱਕ ਗੈਂਗਸਟਰ ਮਾਰਿਆ ਗਿਆ। ਮੁਕਾਬਲੇ ਵਿੱਚ ਪੁਲਿਸ ਦੇ ਏਐਸਆਈ ਨੂੰ ਵੀ ਗੋਲ਼ੀ ਲੱਗਣ ਦੀ ਖ਼ਬਰ ਹੈ, ਜਿਸ ਨੂੰ ਇਲਾਜ ਲਈ ਚੰਡੀਗੜ੍ਹ ਦੇ ਸੈਕਟਰ 32 ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।

ਸਬੰਧਤ ਖ਼ਬਰ- ਮੁਹਾਲੀ 'ਚ ਪੁਲਿਸ ਦਾ ਗੈਂਗਸਟਰਾਂ ਨਾਲ ਮੁਕਾਬਲਾ, ਇੱਕ ਢੇਰ ਦੋ ਗ੍ਰਿਫ਼ਤਾਰ