ਚੰਡੀਗੜ੍ਹ: ਪੰਜਾਬ ਵਿੱਚ ਪਿਛਲੇ ਦੋ ਮਹੀਨਿਆਂ ਦੌਰਾਨ ਨਸ਼ੇ ਨਾਲ 50 ਤੋਂ ਵੱਧ ਮੌਤਾਂ ਹੋਈਆਂ ਹਨ ਪਰ ਸਰਕਾਰ ਦਾ ਦਾਅਵਾ ਹੈ ਕਿ ਸਿਰਫ ਦੋ ਨੌਜਵਾਨ ਹੀ ਨਸ਼ੇ ਨਾਲ ਮਰੇ ਹਨ। ਹੈਰਾਨੀ ਦੀ ਗੱਲ ਹੈ ਕਿ ਸਰਕਾਰ ਕੋਲ ਨਸ਼ੇ ਨਾਲ ਹੋ ਰਹੀਆਂ ਮੌਤਾਂ ਦਾ ਡਾਟਾ ਹੀ ਨਹੀਂ। ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਉਨ੍ਹਾਂ ਕੋਲ ਅੰਕੜਿਆਂ ਮੁਤਾਬਕ ਹੁਣ ਤੱਕ ਨਸ਼ੇ ਨਾਲ ਸਿਰਫ਼ ਦੋ ਮੌਤਾਂ ਹੋਈਆਂ ਹਨ।   ਸਿਹਤ ਮੰਤਰੀ ਨੇ ਕਿਹਾ ਕਿ ਹੁਣ ਤੱਕ ਨਸ਼ੇ ਨਾਲ ਆਨ ਰਿਕਾਰਡ ਸਿਰਫ਼ ਦੋ ਮੌਤਾਂ ਹੋਈਆਂ ਹਨ। ਉਨ੍ਹਾਂ ਨੇ ਕੇਂਦਰ ਸਰਕਾਰ 'ਤੇ ਗੱਲ ਸੁੱਟਦਿਆਂ ਕਿਹਾ ਜਨਮ ਤੇ ਮੌਤ ਦਾ ਸਰਟੀਫਿਕੇਟ ਜਾਰੀ ਕਰਨਾ ਕੇਂਦਰ ਦਾ ਕੰਮ ਹੈ। ਉਨ੍ਹਾਂ ਕਿਹਾ ਕਿ ਮੌਤ ਦੇ ਸਰਟੀਫਿਕੇਟ ਦੀਆਂ 38 ਕੈਟਾਗਿਰੀਆਂ ਵਿੱਚ ਨਸ਼ੇ ਨਾਲ ਮੌਤ ਦਾ ਕਾਲਮ ਨਹੀਂ ਹੈ। ਸਰਟੀਫ਼ਿਕੇਟ ਵਿੱਚ ਕਲਾਮ ਦਰਜ ਕਰਵਾਉਣ ਲਈ ਕੇਂਦਰ ਸਰਕਾਰ ਤੇ ਕੇਂਦਰੀ ਸਿਹਤ ਮੰਤਰੀ ਨੂੰ ਪੱਤਰ ਲਿਖਿਆ ਜਾਏਗਾ। ਉਨ੍ਹਾਂ ਕਿਹਾ ਕਿ ਨਸ਼ੇ ਖਿਲਾਫ ਸਰਕਾਰ ਨੇ ਵੱਡੇ ਕਦਮ ਚੁੱਕੇ ਹਨ। ਮੰਤਰੀ ਨੇ ਦਾਅਵਾ ਕੀਤਾ ਕਿ ਡਰੱਗ ਦੀ ਸਪਲਾਈ ਲਾਈਨ ਤੋੜੀ ਹੈ। ਪਹਿਲਾਂ ਨਾਲੋਂ ਡਰੱਗ ਵੱਡੇ ਪੱਧਰ 'ਤੇ ਖ਼ਤਮ ਹੋਈ ਹੈ। ਮਹਿੰਦਰਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਹਲਕੇ ਵਿੱਚ ਨਸ਼ਾ ਖ਼ਤਮ ਹੋਇਆ ਹੈ।