ਚੰਡੀਗੜ੍ਹ: ਸਿੱਖ ਸੰਗਤਾਂ ਨੂੰ ਕਰਤਾਰਪੁਰ ਲਾਂਘਾ ਖੁੱਲ੍ਹਣ ਦੀ ਬੇਸਬਰੀ ਨਾਲ ਉਡੀਕ ਸੀ ਪਰ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਵੱਲੋਂ ਲਾਈਆਂ ਸ਼ਰਤਾਂ ਕਰਕੇ ਸੰਗਤ ਨੂੰ ਖੱਜਲ-ਖੁਆਰ ਤੇ ਨਿਰਾਸ਼ ਹੋਣਾ ਪੈ ਰਿਹਾ ਹੈ। ਇਹੀ ਕਾਰਨ ਹੈ ਕਿ ਹੁਣ ਤੱਕ ਮਹਿਜ਼ 2542 ਸ਼ਰਧਾਲੂ ਹੀ ਕਰਤਾਰਪੁਰ ਲਾਂਘੇ ਰਾਹੀਂ ਗਏ ਹਨ।


ਹਾਸਲ ਜਾਣਕਾਰੀ ਮੁਤਾਬਕ 9 ਨਵੰਬਰ ਨੂੰ ਉਦਘਾਟਨ ਵਾਲੇ ਦਿਨ 562 ਸ਼ਰਧਾਲੂਆਂ ਨੇ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਜਾ ਕੇ ਗੁਰਦੁਆਰੇ ਦੇ ਦਰਸ਼ਨ ਕੀਤੇ। 10 ਨਵੰਬਰ ਨੂੰ 229, 11 ਨਵੰਬਰ ਨੂੰ 122, 12 ਨਵੰਬਰ ਨੂੰ 546, 13 ਨਵੰਬਰ ਨੂੰ 279, 14 ਨਵੰਬਰ ਨੂੰ 241, 15 ਨਵੰਬਰ ਨੂੰ 161 ਤੇ 16 ਨਵੰਬਰ ਨੂੰ 402 ਸ਼ਰਧਾਲੂਆਂ ਨੇ ਲਾਂਘੇ ਦੀ ਵਰਤੋਂ ਕੀਤੀ। ਦੋਵੇਂ ਮੁਲਕ ਰੋਜ਼ਾਨਾ 5,000 ਸ਼ਰਧਾਲੂਆਂ ਦੀ ਆਵਾਜਾਈ ਲਈ ਸਹਿਮਤ ਹੋਏ ਸਨ ਤੇ ਇਹ ਗਿਣਤੀ ਉਸ ਤੋਂ ਕਾਫ਼ੀ ਘੱਟ ਹੈ।

ਦਰਅਸਲ ਆਨਲਾਈਨ ਰਜਿਸਟਰੇਸ਼ਨ ਬਾਰੇ ਜਾਗਰੂਕਤਾ ਦੀ ਘਾਟ, ਪਾਸਪੋਰਟ ਲਾਜ਼ਮੀ ਹੋਣ ਤੇ ਪਾਕਿ ਵੱਲੋਂ ਲਾਈ ਜਾ ਰਹੀ ਸੇਵਾ ਫ਼ੀਸ ਕਰਕੇ ਸ਼ਰਧਾਲੂ ਨਿਰਾਸ਼ ਹਨ। ਸੂਤਰਾਂ ਮੁਤਾਬਕ ਪਿੰਡਾਂ ਦੇ ਬਹੁਤੇ ਲੋਕਾਂ ਨੂੰ ਆਨਲਾਈਨ ਰਜਿਸਟਰੇਸ਼ਨ ਦੀ ਬਹੁਤੀ ਜਾਣਕਾਰੀ ਨਹੀਂ। ਇਸ ਤੋਂ ਇਲਾਵਾ ਬਜ਼ੁਰਗਾਂ ਕੋਲ ਪਾਸਪੋਰਟ ਵੀ ਨਹੀਂ ਹਨ। ਇਸ ਦੇ ਬਾਵਜੂਦ ਲੋਕ ਪਹੁੰਚ ਰਹੇ ਹਨ ਪਰ ਉਨ੍ਹਾਂ ਨੂੰ ਨਿਰਾਸ਼ ਹੋ ਕੇ ਪਰਤਣਾ ਪੈ ਰਿਹਾ ਹੈ।