ਅੰਮ੍ਰਿਤਸਰ: ਪੰਜਾਬ ਦੇ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਡੋਪ ਟੈਸਟ 'ਚੋਂ ਫੇਲ੍ਹ ਹੋ ਕੇ ਨਸ਼ਾ ਨਾ ਕਰਦੇ ਹੋਣ ਦਾ ਸਬੂਤ ਦਿੱਤਾ। ਮੰਤਰੀ ਨੇ ਡੋਪ ਟੈਸਟ ਲਈ ਨਮੂਨੇ ਦਿੱਤੇ ਤੇ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਭਾਵ ਉਹ ਟੈਸਟ ਪਾਸ ਕਰ ਗਏ।


ਆਮ ਤੌਰ 'ਤੇ ਅੰਮ੍ਰਿਤਸਰ ਸਿਵਲ ਹਸਪਤਾਲ ਵਿੱਚ ਡੋਪ ਟੈਸਟ ਮੰਗਲਵਾਰ ਤੇ ਵੀਰਵਾਰ ਹੁੰਦਾ ਹੈ ਪਰ ਜਦੋਂ ਕੈਬਨਿਟ ਮੰਤਰੀ ਆਏ ਤਾਂ ਅਧਿਕਾਰੀਆਂ ਨੇ ਵਿਸ਼ੇਸ਼ ਤੌਰ 'ਤੇ ਉਨ੍ਹਾਂ ਲਈ ਕਿੱਟਾਂ ਖੋਲ੍ਹ ਦਿੱਤੀਆਂ। ਡੋਪ ਟੈਸਟ 'ਤੇ ਹੋ ਰਹੀ ਸਿਆਸਤ ਦੇ ਬਾਵਜੂਦ ਮੰਤਰੀ ਨੇ ਕਿਹਾ ਕਿ ਨਸ਼ਿਆਂ ਦੇ ਮੁੱਦੇ 'ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਅਤੇ ਸਾਰਿਆਂ ਨੂੰ ਇੱਕਜੁਟ ਹੋ ਕੇ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸੂਬੇ ਵਿੱਚੋਂ ਅੱਤਵਾਦ ਖ਼ਤਮ ਕੀਤਾ ਉਸੇ ਤਰ੍ਹਾਂ ਸੂਬੇ ਦੇ ਵਿੱਚੋਂ ਨਸ਼ਿਆਂ ਨੂੰ ਖ਼ਤਮ ਕਰ ਦਿੱਤਾ ਜਾਵੇਗਾ।

ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਸਾਰਿਆਂ ਨੂੰ ਆਪਣੇ ਅੰਦਰ ਦੀ ਆਵਾਜ਼ ਸੁਣ ਕੇ ਡੋਪ ਟੈਸਟ ਲਈ ਆਉਣਾ ਚਾਹੀਦਾ ਹੈ ਅਤੇ ਇਸ ਮੁੱਦੇ ਤੇ ਰਾਜਨੀਤੀ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।