ਗਗਨਦੀਪ ਸ਼ਰਮਾ
ਅੰਮ੍ਰਿਤਸਰ: ਰਾਗੀ ਨਿਰਮਲ ਸਿੰਘ ਦੇ ਇਲਾਜ ਦੌਰਾਨ ਉਨ੍ਹਾਂ ਵੱਲੋਂ ਆਪਣੇ ਪਰਿਵਾਰ ਨਾਲ ਕੀਤੀ ਗਈ ਗੱਲਬਾਤ ਦੀ ਆਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਗੌਰਮਿੰਟ ਮੈਡੀਕਲ ਕਾਲਜ ਵਿਖੇ ਮੀਟਿੰਗ ਕੀਤੀ ਅਤੇ ਰਾਗੀ ਨਿਰਮਲ ਸਿੰਘ ਦੇ ਇਲਾਜ ਬਾਰੇ ਸਾਰੀ ਜਾਣਕਾਰੀ ਹਾਸਲ ਕੀਤੀ ਅਤੇ ਬਾਕੀ ਮਰੀਜ਼ਾਂ ਦੇ ਜਾਂਚ ਬਾਰੇ ਅਧਿਕਾਰੀਆਂ ਨੂੰ ਗਾਈਡਲਾਈਨਜ਼ ਜਾਰੀ ਕੀਤੀਆਂ।


ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਓਮ ਪ੍ਰਕਾਸ਼ ਸੋਨੀ ਨੇ ਰਾਗੀ ਨਿਰਮਲ ਸਿੰਘ ਦੀ ਮੌਤ ਤੇ ਕਿਹਾ ਕਿ ਉਨ੍ਹਾਂ ਦੀ ਜੋ ਰਿਸ਼ਤੇਦਾਰਾਂ ਨਾਲ ਹੋਈ ਗੱਲਬਾਤ ਦੀ ਆਡੀਓ ਵਾਇਰਲ ਹੋਈ ਹੈ ਉਸ ਤੇ ਉਹ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਡਾਕਟਰਾਂ ਵੱਲੋਂ ਰਾਗੀ ਨਿਰਮਲ ਸਿੰਘ ਦੇ ਇਲਾਜ ਵਿੱਚ ਕੋਈ ਕਮੀ ਪੇਸ਼ੀ ਨਹੀਂ ਰਹੀ ਅਜਿਹੀ ਗੱਲ ਬੇਤੁਕੀ ਹੈ ਕਿ ਇਨ੍ਹੇ ਵੱਡੇ ਹਸਪਤਾਲ ਵਿੱਚ ਥਰਮਾ ਮੀਟਰ ਹੀ ਨਹੀਂ।

ਓਪੀ ਸੋਨੀ ਨੇ ਦੱਸਿਆ ਕਿ ਰਾਗੀ ਨਿਰਮਲ ਸਿੰਘ ਪਹਿਲਾਂ ਗੁਰੂ ਰਾਮਦਾਸ ਹਸਪਤਾਲ ਗਏ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਰਾਗੀ ਨਿਰਮਲ ਸਿੰਘ ਦਾ ਇਲਾਜ ਨਹੀਂ ਕੀਤਾ ਤੇ ਰਾਗੀ ਨਿਰਮਲ ਸਿੰਘ ਨੂੰ ਗੁਰੂ ਨਾਨਕ ਦੇਵ ਹਸਪਤਾਲ ਰੈਫਰ ਕਰ ਦਿੱਤਾ। ਜਿੱਥੇ ਡਾਕਟਰਾਂ ਨੇ ਤੁਰੰਤ ਟੈਸਟ ਤੋਂ ਬਾਅਦ ਆਈਸੋਲੇਸ਼ਨ ਵਾਰਡ ਵਿੱਚ ਸ਼ਿਫਟ ਕਰਕੇ ਰਾਗੀ ਨਿਰਮਲ ਸਿੰਘ ਦਾ ਇਲਾਜ ਸ਼ੁਰੂ ਕਰ ਦਿੱਤਾ ਸੀ। ਸੋਨੀ ਨੇ ਸਪੱਸ਼ਟ ਕੀਤਾ ਕਿ ਰਾਗੀ ਨਿਰਮਲ ਸਿੰਘ ਨੂੰ ਉਹੀ ਦਵਾਈਆਂ ਦਿੱਤੀਆਂ ਗਈਆਂ ਜੋ ਪੂਰੇ ਭਾਰਤ ਵਿੱਚ ਬਾਕੀ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਹਨ।

ਸੋਨੀ ਨੇ ਕਿਹਾ ਕਿ ਟੈਸਟ ਦੀ ਰਿਪੋਰਟ ਪੋਸਟ ਹੋਣ ਤੋਂ ਬਾਅਦ ਰਾਗੀ ਨਿਰਮਲ ਸਿੰਘ ਥੋੜ੍ਹਾ ਜਿਹਾ ਘਬਰਾ ਜ਼ਰੂਰ ਗਏ ਸਨ। ਪਰ ਸਰਕਾਰ ਵੱਲੋਂ ਉਨ੍ਹਾਂ ਦੇ ਇਲਾਜ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਗਈ ਅਤੇ ਡਾਕਟਰਾਂ ਕੋਲ ਸਰਕਾਰ ਵੱਲੋਂ ਸਾਰਾ ਲੋੜੀਂਦਾ ਸਾਮਾਨ ਅਤੇ ਦਵਾਈਆਂ ਮੌਜੂਦ ਸੀ। ਸੋਨੀ ਨੇ ਇਹ ਵੀ ਕਿਹਾ ਕਿ ਰਾਗੀ ਨਿਰਮਲ ਸਿੰਘ ਇੱਕ ਮਹਾਨ ਸ਼ਖਸੀਅਤ ਸਨ।

ਇਸ ਕਰਕੇ ਉਨ੍ਹਾਂ ਨੂੰ ਸਪੈਸ਼ਲ ਕਮਰਾ ਦਿੱਤਾ ਗਿਆ ਅਤੇ ਉਨ੍ਹਾਂ ਦੇ ਇਲਾਜ ਲਈ ਪੂਰੇ ਪ੍ਰਬੰਧ ਕੀਤੇ ਗਏ। ਪਰ ਉਹ ਅਕਾਲ ਚਲਾਣਾ ਕਰ ਗਏ। ਓਮ ਪ੍ਰਕਾਸ਼ ਸੋਨੀ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਵਿੱਚ ਦਸ ਮਰੀਜ਼ ਆਈਸੋਲੇਸ਼ਨ ਵਾਰਡ ਵਿੱਚ ਭਰਤੀ ਨੇ ਜਿਨ੍ਹਾਂ ਦੇ ਵਿੱਚੋਂ ਪੰਜ ਦੇ ਕਰੋਨਾ ਵਾਇਰਸ ਦੇ ਟੈੱਸਟ ਪੋਸਟਿਵ ਹਨ ਅਤੇ ਬਾਕੀਆਂ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ।

ਓਮ ਪ੍ਰਕਾਸ਼ ਸੋਨੀ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ 500 ਦੇ ਕਰੀਬ ਮਰੀਜ਼ਾਂ ਦੀ ਹੁਣ ਤੱਕ ਜਾਂਚ ਹੋ ਚੁੱਕੀ ਹੈ। ਜਿਨ੍ਹਾਂ ਦੇ ਵਿੱਚੋਂ 98 ਫ਼ੀਸਦੀ ਟੈਸਟ ਰਿਪੋਰਟ ਨੈਗੇਟਿਵ ਆਈਆਂ ਹਨ।