ਮਾਈਨਿੰਗ ਪਾਲਿਸੀ ’ਤੇ ਸਿਆਸੀ ਦੰਗਲ, ਵਿਰੋਧੀ ਧਿਰ ਨੇ ਚੁੱਕੇ ਸਵਾਲ
ਏਬੀਪੀ ਸਾਂਝਾ | 21 Oct 2018 05:56 PM (IST)
ਪੁਰਾਣੀ ਤਸਵੀਰ
ਪਠਾਨਕੋਟ: ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੀ ਕਾਂਗਰਸ ਸਰਕਾਰ ਨੇ ਵਧ ਰਹੇ ਰੇਤਾ-ਬੱਜਰੀ ਦੇ ਭਾਅ ਨੂੰ ਠੱਲ੍ਹ ਪਾਉਣ ਲਈ ਉਪਰਾਲੇ ਕਰਨ ਦੀ ਗੱਲ ਕਹੀ ਸੀ। ਆਪਣੇ ਵਾਅਦੇ ਨੂੰ ਪੂਰਾ ਕਰਦਿਆਂ ਸੂਬੇ ਦੇ ਲੋਕਾਂ ਨੂੰ ਸਸਤਾ ਰੇਤਾ ਤੇ ਬੱਜਰੀ ਮੁਹੱਈਆ ਕਰਾਉਣ ਲਈ ਸੂਬਾ ਸਰਕਾਰ ਨੇ ਹੁਣ ਨਵੀਂ ਮਾਈਨਿੰਗ ਪਾਲਿਸੀ ਬਣਾਈ ਹੈ, ਪਰ ਵਿਰੋਧੀ ਧਿਰ ਇਸ ਪਾਲਿਸੀ ’ਤੇ ਸਵਾਲ ਚੁੱਕ ਰਹੇ ਹਨ। ਕੈਪਟਨ ਸਰਕਾਰ ਦੀ ਨਵੀਂ ਮਾਈਨਿੰਗ ਪਾਲਿਸੀ ਸਬੰਧੀ ਜ਼ਿਲ੍ਹਾ ਪਠਾਨਕੋਟ ਦੇ ਹਲਕਾ ਭੋਆ ਤੋਂ ਵਿਧਾਇਕ ਜੋਗਿੰਦਰ ਪਾਲ ਨੇ ਕਿਹਾ ਕਿ ਪਾਲਿਸੀ ਬਣਾਏ ਜਾਣ ਬਾਅਦ ਪਠਾਨਕੋਟ ਦੀਆਂ ਖੱਡਾਂ ਦੀ ਬੋਲੀ ਦਾ ਰਾਖਵਾਂ ਮੂਲ 76 ਕਰੋੜ ਰੁਪਏ ਰੱਖਿਆ ਗਿਆ ਹੈ ਜੋ ਬੋਲੀ ਹੋਣ ’ਤੇ 150 ਕਰੋੜ ਤਕ ਪਹੁੰਚਣ ਦੀ ਉਮੀਦ ਹੈ। ਖੱਡਾਂ ਦੀ ਬੋਲੀ ਹੋਣ ਪਿੱਛੋਂ ਲੋਕਾਂ ਨੂੰ ਵਧੇ ਹੋਏ ਰੇਤਾ ਤੇ ਬੱਜਰੀ ਦੇ ਰੇਟਾਂ ਤੋਂ ਰਾਹਤ ਮਿਲੇਗੀ। ਇਸ ਦੇ ਉਲਟ ਵਿਰੋਧੀ ਧਿਰ ਬੀਜੇਪੀ ਦੇ ਲੀਡਰ ਸਵਰਨ ਸਲਾਰੀਆ ਨੇ ਇਸ ਪਾਲਿਸੀ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਪਠਾਨਕੋਟ ਵਿੱਚ ਖੱਡਾਂ ਦੀ ਬੋਲੀ ਦਾ ਰਾਖਵਾਂ ਮੂਲ 76 ਕਰੋੜ ਰੁਪਏ ਰੱਖਿਆ ਗਿਆ ਹੈ। ਜਦ ਬੋਲੀ ਹੋਵੇਗੀ ਤਾਂ ਇਹ ਮੁੱਲ 200 ਕਰੋੜ ਰੁਪਏ ਤਕ ਵੀ ਜਾ ਸਕਦਾ ਹੈ, ਜਿਸ ਦੀ ਵਜ੍ਹਾ ਨਾਲ ਰੇਤਾ ਤੇ ਬੱਜਰੀ ਦੇ ਰੇਟ ਹੋਰ ਵਧ ਸਕਦੇ ਹਨ। ਇਸ ਲਈ ਸਰਕਾਰ ਨੂੰ ਕੋਈ ਅਜਿਹਾ ਹੱਲ ਕੱਢਣਾ ਚਾਹੀਦਾ ਹੈ, ਜਿਸ ਨਾਲ ਨਾ ਸਿਰਫ ਸਰਕਾਰ ਦੀ ਆਮਦਨ ਵਧੇ ਬਲਕਿ ਸੂਬੇ ਦੇ ਲੋਕਾਂ ਨੂੰ ਵੀ ਰਾਹਤ ਮਿਲ ਸਕੇ।