ਅੰਮ੍ਰਿਤਸਰ: ਸ਼ਹਿਰ ਦੇ ਜੌੜੇ ਫਾਟਕ 'ਤੇ 19 ਅਕਤੂਬਰ ਨੂੰ ਹੋਏ ਦਰਦਨਾਕ ਰੇਲ ਹਾਦਸੇ ਤੋਂ ਬਾਅਦ ਰੇਲ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ। ਹਾਦਸੇ ਦੇ 36 ਘੰਟਿਆਂ ਦੇ ਮਗਰੋਂ ਰੇਲਵੇ ਨੇ ਖਾਲੀ ਮਾਲ ਗੱਡੀ ਚਲਾ ਕੇ ਸਫਲ ਅਜ਼ਮਾਇਸ਼ ਕੀਤੀ ਹੈ। ਹਾਲਾਂਕਿ, ਇਸ ਤੋਂ ਪਹਿਲਾਂ ਪੁਲਿਸ ਤੇ ਸਥਾਨਕ ਲੋਕਾਂ ਦਰਮਿਆਨ ਪਥਰਾਅ ਤੇ ਝੜਪਾਂ ਦੀਆਂ ਕਈ ਘਟਨਾਵਾਂ ਹੋ ਚੁੱਕੀਆਂ ਹਨ।


ਅਜ਼ਮਾਇਸ਼ ਦੇ ਤੌਰ 'ਤੇ ਲੰਘਾਈ ਮਾਲ ਗੱਡੀ ਨੂੰ ਵੀ ਸਖ਼ਤ ਸੁਰੱਖਿਆ ਪ੍ਰਬੰਧਾਂ ਵਿੱਚ ਘਟਨਾ ਵਾਲੇ ਥਾਂ ਤੋਂ ਗੁਜ਼ਾਰਿਆ ਗਿਆ। ਉੱਧਰ ਹਾਦਸੇ ਤੋਂ ਬਾਅਦ ਅੰਮ੍ਰਿਤਸਰ ਸਟੇਸ਼ਨ ਉਤੇ ਹਾਲੇ ਤਕ ਮੁਸਾਫਰਾਂ ਲਈ ਕੋਈ ਵੀ ਰੇਲ ਆਈ ਨਹੀਂ ਤੇ ਨਾ ਹੀ ਉੱਥੋਂ ਚੱਲੀ ਹੈ। ਬੀਤੇ ਕੱਲ੍ਹ 37 ਮੁਸਾਫ਼ਰ ਟ੍ਰੇਨਾਂ ਰੱਦ ਕੀਤੀਆਂ ਗਈਆਂ ਹਨ, ਜਦਕਿ ਬਾਕੀ ਰੇਲਾਂ ਨੂੰ ਅੰਮ੍ਰਿਤਸਰ ਤੋਂ ਇੱਕ ਸਟੇਸ਼ਨ ਪਹਿਲਾਂ ਮਾਨਾਂਵਾਲਾ ਤੇ ਬਿਆਸ ਵਿੱਚ ਰੋਕਿਆ ਤੇ ਚਲਾਇਆ ਜਾ ਰਿਹਾ ਹੈ।

ਸਟੇਸ਼ਨ ਨਿਰਦੇਸ਼ਕ ਅੰਮ੍ਰਿਤ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਰੋਜ਼ਾਨਾ 85 ਮੁਸਾਫਰ ਰੇਲ ਗੱਡੀਆਂ ਆਉਂਦੀਆਂ ਤੇ ਜਾਂਦੀਆਂ ਹਨ। ਬੀਤੇ ਸ਼ੁੱਕਰਵਾਰ ਹੋਏ ਹਾਦਸੇ ਤੋਂ ਬਾਅਦ ਅਮਨ-ਕਾਨੂੰਨ ਬਰਕਰਾਰ ਰੱਖਣ ਲਈ ਰੇਲਵੇ ਆਵਾਜਾਈ ਬੰਦ ਕੀਤੀ ਹੋਈ। ਇਸ ਕਾਰਨ ਯਾਤਰੀਆਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਅੰਮ੍ਰਿਤ ਸਿੰਘ ਨੇ ਦੱਸਿਆ ਕਿ ਕੋਸ਼ਿਸ਼ਾਂ ਜਾਰੀ ਕਿ ਰੇਲਵੇ ਟ੍ਰੈਫਿਕ ਜਲਦ ਤੋਂ ਜਲਦ ਚਾਲੂ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਸੀਟਾਂ ਰਿਜ਼ਰਵ ਕਰਵਾਉਣ ਵਾਲੇ ਮੁਸਾਫ਼ਰਾਂ ਨੂੰ ਐਸਐਮਐਸ ਰਾਹੀਂ ਜਾਣਕਾਰੀ ਪਹੁੰਚਾਈ ਜਾ ਰਹੀ ਹੈ। ਉਨ੍ਹਾਂ ਖੇਦ ਪ੍ਰਗਟ ਕਰਦਿਆਂ ਕਿਹਾ ਕਿ ਟਰੇਨਾਂ ਨੂੰ ਰੱਦ ਕਰਨ ਤੇ ਰਾਹ ਬਦਲਣ ਸਬੰਧੀ ਪੂਰੀ ਜਾਣਕਾਰੀ ਰੇਲਵੇ ਵੈੱਬਸਾਈਟ ਤੇ ਮੋਬਾਈਲ ਐਪ ਤੋਂ ਲਈ ਜਾ ਸਕਦੀ ਹੈ।