ਵੈਨਕੂਵਰ: ਕੈਨੇਡਾ ਵਿੱਚ ਪੰਜਾਬੀ ਮੂਲ ਦੇ ਨੌਜਵਾਨਾਂ ਦਾ ਗੈਂਗਸਟਰ ਸੱਭਿਆਚਾਰ ਅਪਣਾਉਣ ਦਾ ਸਿਲਸਿਲਾ ਵਧਦਾ ਜਾ ਰਿਹਾ ਹੈ ਤੇ ਨਾਲ ਹੀ ਇਸ ਦੇ ਖ਼ੌਫ਼ਨਾਕ ਨਤੀਜੇ ਪੂਰੇ ਪਰਿਵਾਰ ਨੂੰ ਭੁਗਤਣੇ ਪੈ ਰਹੇ ਹਨ। ਐਬਟਸਫੋਰਡ ਵਿੱਚ ਮਨਦੀਪ ਗਰੇਵਾਲ (30) ਨਾਂ ਦੇ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਖਾਸ ਗੱਲ ਇਹ ਹੈ ਕਿ, ਮ੍ਰਿਤਕ ਮਨਦੀਪ ਦੇ ਭਰਾ ਦਾ ਵੀ ਬੀਤੇ ਸਾਲ ਕਤਲ ਕਰ ਦਿੱਤਾ ਗਿਆ ਸੀ। ਦੱਸਣਾ ਬਣਦਾ ਹੈ ਕਿ ਇਸੇ ਮਹੀਨੇ ਦੌਰਾਨ ਗੈਂਗਵਾਰ ਵਿੱਚ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਦੋ ਪੰਜਾਬੀਆਂ ਨੂੰ ਇੱਕ ਕੁਇੰਟਲ ਤੋਂ ਵੱਧ ਨਸ਼ੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ।
ਮਨਦੀਪ ਗਰੇਵਾਲ ਦੇ ਭਰਾ ਗਵਿੰਦਰ ਗਰੇਵਾਲ (ਗੈਵਿਨ) ਦੀ ਲਾਸ਼ ਨਾਰਥ ਵੈਨਕੂਵਰ ਦੇ ਇੱਕ ਅਪਾਰਟਮੈਂਟ ਵਿਚੋਂ 21 ਦਸੰਬਰ 2017 ਨੂੰ ਮਿਲੀ ਸੀ। ਇਸ ਤੋਂ ਪਹਿਲਾਂ ਮਾਮਲੇ ਦੀ ਜਾਂਚ ਕਰ ਰਹੀ ਏਜੰਸੀ ਨੇ ਕਿਹਾ ਸੀ ਕਿ ਮ੍ਰਿਤਕ ਦੀ ਪਛਾਣ ਅਜੇ ਜਨਤਕ ਨਹੀਂ ਕੀਤੀ ਜਾਵੇਗੀ ਪਰ ਸੋਸ਼ਲ ਮੀਡੀਆ 'ਤੇ ਲਗਾਤਾਰ ਪੀੜਤ ਸ਼ਖਸ ਬਾਰੇ ਚਰਚੇ ਹੋਣ ਤੋਂ ਬਾਅਦ, ਖਬਰਾਂ ਵਿੱਚ ਮ੍ਰਿਤਕ ਦਾ ਨਾਂ ਆਉਣ ਲੱਗਾ।
ਪੂਰੀ ਵਾਰਦਾਤ ਵੀਰਵਾਰ ਰਾਤ ਕਰੀਬ 7 ਵਜੇ ਸਾਊਥ ਫਰੇਜ਼ਰ ਵੇਅ ਤੇ ਕਲੀਅਰਬਰੁੱਕ ਰੋਡ ਦੇ ਇਲਾਕੇ ਵਿੱਚ ਵਾਪਰੀ। ਇਸ ਇਲਾਕੇ ਨੂੰ ਇੱਕ ਸੰਘਣੇ ਸਨਅਤੀ ਇਲਾਕੇ ਵਜੋਂ ਜਾਣਿਆ ਜਾਂਦਾ ਹੈ ਜਿੱਥੇ ਕਈ ਵਪਾਰਕ ਅਦਾਰੇ ਤੇ ਬੈਂਕ ਆਦਿ ਹਨ। ਇਸ ਚਹਿਲ-ਪਹਿਲ ਵਾਲੇ ਇਲਾਕੇ ਵਿੱਚ ਗੋਲ਼ੀ ਚੱਲਣ ਨਾਲ ਇਲਾਕੇ ਵਿੱਚ ਦਹਿਸ਼ਤ ਹੈ।
ਮ੍ਰਿਤਕ ਦੀ ਲਾਸ਼ ਨੂੰ ਸ਼ੁੱਕਰਵਾਰ ਸਵੇਰੇ ਮੌਕੇ ਤੋਂ ਲਿਜਾਇਆ ਗਿਆ। ਬੈਂਕ ਕੋਲ ਵਾਪਰੀ ਇਸ ਘਟਨਾ ਵਿਚ ਬੈਂਕ ਦਾ ਸਾਹਮਣੇ ਦਾ ਦਰਵਾਜਾ ਵੀ ਗੋਲ਼ੀਆਂ ਨਾਲ ਭੰਨ ਦਿੱਤਾ ਗਿਆ। ਇੱਕ ਪ੍ਰਤਖਦਰਸ਼ੀ ਦਾ ਕਹਿਣਾ ਸੀ ਕਿ ਗੋਲ਼ੀ ਚੱਲਣ ਦੇ ਤਿੰਨ ਜ਼ੋਰਦਾਰ ਖੜਾਕ ਸੁਣਾਈ ਦਿੱਤੇ ਸਨ। ਆਈਐਚਆਈਟੀ (Integrated Homicide Investigation Team) ਮਾਮਲੇ ਦੀ ਜਾਂਚ ਕਰ ਰਹੀ ਹੈ।