ਚੰਡੀਗੜ੍ਹ: ਨਾਜ਼ਾਇਜ਼ ਮਾਈਨਿੰਗ ਦੇ ਮਾਮਲੇ 'ਤੇ ਪੰਜਾਬ ਸਰਕਾਰ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਕਰ ਸਕੀ ਜਿਸ ਕਾਰਨ ਨਜਾਇਜ਼ ਮਾਈਨਿੰਗ ਦਾ ਕਾਰੋਬਾਰ ਪੂਰੀ ਧੜੱਲੇਦਾਰੀ ਨਾਲ ਚੱਲ ਰਿਹਾ ਹੈ। ਭਾਵੇਂ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਸ ਬਾਬਤ ਕਮੇਟੀ ਵੀ ਗਠਿਤ ਕੀਤੀ ਸੀ ਪਰ ਉਸਦਾ ਕੋਈ ਖਾਸ ਨਤੀਜਾ ਸਾਹਮਣੇ ਨਹੀਂ ਆਇਆ।

ਇਸ ਮੁੱਦੇ 'ਤੇ ਕੈਪਟਨ ਸਰਕਾਰ ਨੂੰ ਵਿਰੋਧੀ ਪਾਰਟੀਆਂ ਵੀ ਲਗਾਤਾਰ ਘੇਰ ਰਹੀਆਂ ਹਨ। ਸੂਬੇ 'ਚ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਉਤੇ ਹੋਏ ਹਮਲੇ ਤੋਂ ਬਾਅਦ ਆਪ ਨੇ ਕੈਪਟਨ ਸਰਕਾਰ ਤੇ ਦੋਸ਼ ਲਾਇਆ ਕਿ ਅਕਾਲੀ ਸਰਕਾਰ ਵਾਂਗ ਰੇਤ ਮਾਫੀਆ ਨੂੰ ਕੈਪਟਨ ਸਰਕਾਰ ਦੀ ਵੀ ਪੂਰੀ ਸ਼ਹਿ ਹਾਸਲ ਹੈ।

'ਆਪ' ਵੱਲੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੂਬਾ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਰੇਤ ਮਾਫ਼ੀਆ ਵਿਰੁੱਧ ਲੜਾਈ ਜਾਰੀ ਰਹੇਗੀ ਤੇ ਇਸਦੀ ਜਾਂਚ ਸੀਬੀਆਈ ਹਵਾਲੇ ਕਰਨ ਦਾ ਦਬਦਬਾ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਰੇਤ ਮਾਫੀਆ ਦੀ ਜਾਂਚ ਸੀਬੀਆਈ ਹਵਾਲੇ ਕਰਾਉਣ ਨੂੰ ਲੈਕੇ 25 ਜੂਨ ਨੂੰ ਧਰਨੇ ਦਾ ਐਲਾਨ ਕੀਤਾ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਕੈਪਟਨ ਸਰਕਾਰ ਦੀ ਸਰਪ੍ਰਸਤੀ ਥੱਲੇ ਰੇਤ ਮਾਫ਼ੀਆ ਦੇ ਹੌਸਲੇ ਏਨੇ ਵੱਧ ਗਏ ਹਨ ਕਿ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਇਲਾਵਾ ਹੁਣ ਵਿਧਾਇਕ ਅਤੇ ਵਰਦੀਧਾਰੀ ਸੁਰੱਖਿਆ ਕਰਮੀ ਵੀ ਇਸ ਗੁੰਡਾਗਰਦੀ ਦਾ ਸ਼ਿਕਾਰ ਹੋਣ ਲੱਗ ਪਏ ਹਨ।

ਉਨ੍ਹਾਂ ਪੰਜਾਬ ਕਾਂਗਰਸ ਅਤੇ ਅਕਾਲੀ ਦਲ ਵੱਲੋਂ ਆਪ ਵਿਧਾਇਕ ਅਮਰਜੀਤ ਸਿੰਘ ਸੰਦੋਆ ਤੇ ਮਾਈਨਿੰਗ ਮਾਫ਼ੀਆ ਨਾਲ ਸਬੰਧਾਂ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਬਿਨਾ ਤੱਥਾਂ-ਸਬੂਤਾਂ ਦੇ ਦੋਸ਼ ਲਾ ਕੇ ਉਹ ਰੇਤ ਮਾਫ਼ੀਆ ਨੂੰ ਹੋਰ ਹੱਲਾਸ਼ੇਰੀ ਦੇ ਰਹੇ ਹਨ।

ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਅੱਜ ਕਾਂਗਰਸ ਦੀ ਨੀਤੀ ਤੇ ਸਵਾਲ ਕਰਦਿਆਂ ਕਿਹਾ ਕਿ ਆਖਿਰ ਸਾਰਾ ਕੁੱਝ ਸਾਹਮਣੇ ਹੋਣ ਦੇ ਬਾਵਜੂਦ ਕਾਂਗਰਸ ਰੇਤ ਮਾਫੀਆ ਖਿਲਾਫ ਕੋਈ ਪੁਖਤਾ ਕਾਰਵਾਈ ਕਿਉਂ ਨਹੀਂ ਕਰ ਰਹੀ।

ਭੂੰਦੜ ਨੇ ਕੈਪਟਨ ਸਰਕਾਰ 'ਤੇ ਦੋਸ਼ ਲਾਇਆ ਕਿ ਰੇਤ ਮਾਫੀਆ ਕਾਂਗਰਸ ਦੀ ਸ਼ਹਿ 'ਤੇ ਦਿਨ-ਬ-ਦਿਨ ਆਪਣੇ ਪੈਰ ਪਸਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਲਾਡੀ ਸ਼ੇਰੋਵਾਲੀਆ ਖਿਲਾਫ ਸਬੂਤ ਹੋਣ ਦੇ ਬਾਵਜੂਦ ਕੈਪਟਨ ਨੇ ਉਸਨੂੰ ਕਲੀਨ ਚਿੱਟ ਦੇਕੇ ਇਹ ਸਾਬਤ ਕੀਤਾ ਕਿ ਨਜਾਇਜ਼ ਮਾਈਨਿੰਗ ਦਾ ਕੰਮ ਕਾਂਗਰਸ ਦੀ ਦੇਖ-ਰੇਖ ਹੇਠ ਹੀ ਹੋ ਰਿਹਾ ਹੈ ਤੇ ਕਾਂਗਰਸ ਇਸ ਮੁੱਦੇ ਨੂੰ ਲੈਕੇ ਗੰਭੀਰ ਨਹੀਂ ਹੈ।