ਸੰਦੋਆ ਦੇ ਪੱਖ 'ਚ ਨਿੱਤਰੇ ਖਹਿਰਾ, 'ਵਲੰਟੀਅਰ' 'ਤੇ ਜਤਾਈ ਬੇਵਸਾਹੀ
ਏਬੀਪੀ ਸਾਂਝਾ | 23 Jun 2018 05:29 PM (IST)
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸੰਦੋਆ ਨਾਲ ਕੁੱਟਮਾਰ ਦੀ ਘਟਨਾ ਤੋਂ ਬਾਅਦ ਪਾਰਟੀ ਦੇ ਸੀਨੀਅਰ ਲੀਡਰ ਸੁਖਪਾਲ ਖਹਿਰਾ ਨੇ ਸਾਂਝੀ ਪ੍ਰੈਸ ਕਾਨਫਰੰਸ ਕਰ ਸੰਦੋਆ ਦੇ ਪੱਖ ਵਿੱਚ ਫ਼ਤਵਾ ਦੇ ਦਿੱਤਾ ਹੈ। ਨਾਲ ਹੀ ਵਿਰੋਧੀ ਧਿਰ ਦੇ ਆਗੂ ਨੇ ਆਪਣੇ ਸਿਆਸੀ ਵਿਰੋਧੀ ਰਾਣਾ ਗੁਰਜੀਤ ਦੀ ਵੀ ਜਾਂਚ ਕਰਵਾਉਣ ਦੀ ਫਿਰ ਤੋਂ ਮੰਗ ਕੀਤੀ। ਖਹਿਰਾ ਨੇ ਹਮਲਾਵਰ ਨੂੰ ਪਾਰਟੀ ਕਾਰਕੁੰਨ ਹੋਣ 'ਤੇ ਕੋਈ ਫ਼ੌਰੀ ਛੋਟ ਨਾ ਦੇਣ ਦੀ ਗੱਲ ਵੀ ਕਹੀ। ਖਹਿਰਾ ਨੇ ਕਿਹਾ ਕਿ ਕੋਈ ਕ੍ਰਿਮੀਨਲ ਬੰਦਾ ਕੁਝ ਵੀ ਕਹਿ ਸਕਦਾ, ਇਸ ਲਈ ਉਸ ਦਾ ਸੱਚ ਨਹੀਂ ਮੰਨਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਅਜਵਿੰਦਰ ਨੇ ਵੱਡਾ ਜ਼ੁਰਮ ਕੀਤਾ ਹੈ ਅਤੇ ਜੇ ਆਪ ਦਾ ਵਰਕਰ ਹੈ ਤਾਂ ਪਹਿਲਾਂ ਪੇਸ਼ ਹੋਵੇ ਫਿਰ ਗੱਲ ਕਰਾਂਗੇ। ਸੁਖਪਾਲ ਖਹਿਰਾ ਨੇ ਕਿਹਾ ਕਿ ਨਾਜਾਇਜ਼ ਮਾਈਨਿੰਗ ਮਾਮਲੇ ਵਿੱਚ ਅਸੀਂ ਤਾਂ ਖੁਦ ਸੀਬੀਆਈ ਜਾਂਚ ਮੰਗੀ ਹੈ, ਕੈਪਟਨ ਸਾਡੇ ਨਾਲ ਰਾਣਾ ਗੁਰਜੀਤ ਦੀ ਵੀ ਜਾਂਚ ਕਰਵਾਉਣ। ਇਸ ਤੋਂ ਪਹਿਲਾਂ ਵਿਧਾਇਕ ਸੰਦੋਆ ਨੇ ਵੀ ਮਾਮਲੇ ਦੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। ਆਪਣੇ ਸੂਬਾ ਪ੍ਰਧਾਨ ਦੇ ਪਹਿਲਾਂ ਵਾਂਗ ਨਾ ਵਿਚਰਨ ਦੇ ਮਾਮਲੇ 'ਤੇ ਸੁਖਪਾਲ ਖਹਿਰਾ ਨੇ ਕਿਹਾ ਕਿ ਭਗਵੰਤ ਮਾਨ ਸੰਗਰੂਰ 'ਤੇ ਫੋਕਸ ਕਰ ਰਹੇ ਹਨ, ਇਸ ਕਰਕੇ ਉਹ ਬਿਜ਼ੀ ਹਨ। ਹਾਲਾਂਕਿ, ਮਾਨ ਸਿਰ ਗੱਲ ਸੁੱਟਦਿਆਂ ਖਹਿਰਾ ਨੇ ਕਿਹਾ ਕਿ ਉਹ ਹੀ ਦੱਸ ਸਕਦੇ ਨੇ ਕਿ ਉਹ ਕਿਉ ਨਹੀਂ ਬੋਲੇ ਪਰ ਉਹ ਸੰਦੋਆ ਨੂੰ ਜਲਦ ਮਿਲਣ ਆ ਰਹੇ ਹਨ।