ਚੰਡੀਗੜ੍ਹ: ਬੀਤੇ ਦਿਨੀਂ ਜ਼ੀਰਕਪੁਰ ਵਿੱਚ ਹੋਏ ਮੁਕਾਬਲੇ ਤੋਂ ਬਾਅਦ ਪੁਲਿਸ ਦੇ ਹੌਸਲੇ ਬੁਲੰਦ ਹਨ। ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ (ਓਕੂ) ਦੇ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਵਿੱਚ ਸਰਗਰਮ ਗੈਂਗਸਟਰਾਂ ਨੂੰ ਸਿੱਧੀ ਵੰਗਾਰ ਪਾਈ ਹੈ ਕਿ ਜਾਂ ਤਾਂ ਉਹ ਆਪਣੇ ਆਪ ਨੂੰ ਸਰੰਡਰ ਕਰ ਦੇਣ ਨਹੀਂ ਤਾਂ ਮੁਕਾਬਲੇ ਲਈ ਤਿਆਰ ਰਹਿਣ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਨੂੰ ਦਬੋਚਣ ਲਈ ਪੁਲਿਸ ਦੇ ਆਪ੍ਰੇਸ਼ਨ ਚੱਲਦੇ ਰਹਿਣਗੇ। ਅਜਿਹੇ ਵਿੱਚ ਜੇ ਬਦਮਾਸ਼ ਫਾਇਰਿੰਗ ਕਰਦੇ ਹਨ ਤਾਂ ਪੁਲਿਸ ਨਾਲ ਉਨ੍ਹਾਂ ਦੇ ਮੁਕਾਬਲੇ ਵੀ ਹੋ ਸਕਦੇ ਹਨ।
ਜ਼ੀਰਕਪੁਰ ਵਿੱਚ ਮੁਕਾਬਲੇ ਦੌਰਾਨ ਮਾਰੇ ਗਏ ਗੈਂਗਸਟਰ ਅੰਕਿਤ ਭਾਦੂ ਕੋਲੋਂ ਪੁਲਿਸ ਨੂੰ ਤਿੰਨ ਅਤਿ ਆਧੁਨਿਕ ਵਿਦੇਸ਼ੀ ਪਿਸਤੌਲ ਮਿਲੇ ਸੀ। ਬਾਜ਼ਾਰ ਵਿੱਚ ਇਨ੍ਹਾਂ ਦੀ ਕੀਮਤ ਕਰੀਬ 10 ਤੋਂ 18 ਲੱਖ ਰੁਪਏ ਦੱਸੀ ਜਾ ਰਹੀ ਹੈ। ਪੁਲਿਸ ਇਨ੍ਹਾਂ ਹਥਿਆਰਾਂ ਦੀ ਜਾਂਚ ਕਰ ਰੀਹ ਹੈ ਕਿ ਗੈਂਗਸਟਰਾਂ ਕੋਲ ਇਹ ਹਥਿਆਰ ਕਿੱਥੋਂ ਆਉਂਦੇ ਹਨ? ਇਨ੍ਹਾਂ ਦਾ ਲਿੰਕ ਪਤਾ ਕੀਤਾ ਜਾ ਰਿਹਾ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇਹ ਤਸਕਰੀ ਜ਼ਰੀਏ ਹੀ ਇਨ੍ਹਾਂ ਕੋਲ ਆਏ ਹੋਣਗੇ।
ਆਈਜੀ ਨੇ ਦੱਸਿਆ ਕਿ ਜਦੋਂ ਅੰਕਿਤ ਨੇ ਛੋਟੀ ਬੱਚੀ ਨੂੰ ਆਪਣੀ ਢਾਲ ਬਣਾ ਲਿਆ ਤਾਂ ਕਮਾਂਡੋਜ਼ ਨੇ ਦੂਜੀ ਮੰਜ਼ਿਲ ਤੋਂ ਛਾਲ ਮਾਰੀ। ਅੰਕਿਤ ਨੇ ਕਮਾਂਡੋ ਦੀ ਛਾਤੀ ਵਿੱਚ ਤਿੰਨ ਗੋਲ਼ੀਆਂ ਦਾਗੀਆਂ, ਪਰ ਬੁਲਿਟ ਪਰੂਫ ਜੈਕਿਟ ਕਰਕੇ ਕਮਾਂਡੋ ਦਾ ਬਚਾਅ ਹੋ ਗਿਆ। ਫਿਰ ਕਮਾਂਡੋ ਨੇ ਜਵਾਬੀ ਕਾਰਵਾਈ ਵਿੱਚ ਅੰਕਿਤ ਨੂੰ ਮਾਰ ਮੁਕਾਇਆ।
ਆਈਜੀ ਨੇ ਦੱਸਿਆ ਕਿ ਬਹਾਦੁਰਗੜ੍ਹ ਵਿੱਚ ਅੰਕਿਤ ਨੇ ਗੈਂਗਸਟਰ ਅਜੈ ਨੂੰ ਮਾਰਿਆ ਸੀ। ਉਸੇ ਮਾਮਲੇ ਦੀ ਜਾਂਚ ਦੌਰਾਨ ਉਨ੍ਹਾਂ ਨੂੰ ਅੰਕਿਤ ਬਾਰੇ ਪਤਾ ਲੱਗਾ ਸੀ। ਬੀਤੇ ਦਿਨ ਉਸ ਦੀ ਲਾਸ਼ ਦਾ ਪੋਸਟ ਮਾਰਟਮ ਕਰਾਇਆ ਗਿਆ। ਉਸ ਦੇ ਸਾਥੀਆਂ ਜਰਮਨਜੀਤ ਸਿੰਘ ਤੇ ਗੁਰਿੰਦਰ ਨੂੰ ਡੇਰਾਬੱਸੀ ਅਦਾਲਤ ਨੇ 18 ਫਰਵਰੀ ਤਕ ਰਿਮਾਂਡ ’ਤੇ ਭੇਜ ਦਿੱਤਾ ਹੈ।