ਫ਼ਤਿਹਗੜ੍ਹ ਸਾਹਿਬ: ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ਸੂਬੇ ਦੀ ਅਮਨ-ਕਾਨੂੰਨ ਦੀ ਹਾਲਤ ਨਾਲ ਕਿਸੇ ਨੂੰ ਵੀ ਖਿਲਵਾੜ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਫ਼ਤਿਹਗੜ੍ਹ ਸਾਹਿਬ ਵਿਖੇ ਸੰਗਤ ਦਰਸ਼ਨ ਦੇ ਦੂਜੇ ਦਿਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਦਲ ਨੇ ਆਖਿਆ ਕਿ ਸੂਬੇ ਵਿੱਚ ਭਾਈਚਾਰਕ ਮਾਹੌਲ ਪੈਦਾ ਕਰਨਾ ਉਨ੍ਹਾਂ ਦਾ ਮੁੱਖ ਮਕਸਦ ਹੈ ਤੇ ਸ਼ਾਂਤੀ ਬਣਾਏ ਰੱਖਣ ਲਈ ਉਨ੍ਹਾਂ ਨੂੰ ਕੋਈ ਵੀ ਕਦਮ ਚੁੱਕਣਾ ਪਿਆ ਤਾਂ ਉਹ ਜ਼ਰੂਰ ਚੁੱਕਣਗੇ।


ਮੁੱਖ ਮੰਤਰੀ ਨੇ ਆਖਿਆ ਕਿ ਪਿਛਲੀ ਵਾਰ ਜੋ ਸਰਬੱਤ ਖ਼ਾਲਸਾ ਹੋਇਆ ਸੀ, ਉਸ ਦੇ ਨਤੀਜੇ ਸਭ ਦੇ ਸਾਹਮਣੇ ਹਨ। ਉਨ੍ਹਾਂ ਆਖਿਆ ਸਰਕਾਰ ਕਿਸੇ ਤੋਂ ਡਰ ਕੇ ਕੰਮ ਨਹੀਂ ਕਰ ਰਹੀ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਸਰਬੱਤ ਖ਼ਾਲਸਾ ਨਾ ਕਰਵਾਏ ਜਾਣ ਦੀ ਸੂਰਤ ਵਿੱਚ ਪਾਕਿਸਤਾਨ ਦੀ ਮਦਦ ਲਏ ਜਾਣ ਬਾਰੇ ਬਿਆਨ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।

ਕਾਂਗਰਸ ਵੱਲੋਂ ਐਸ.ਵਾਈ.ਐਲ. ਦੇ ਮੁੱਦੇ ਉੱਤੇ ਅਸਤੀਫ਼ੇ ਦਿੱਤੇ ਜਾਣ ਦੀ ਦਿੱਤੀ ਗਈ ਧਮਕੀ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਆਖਿਆ ਕਿ ਦੋ ਮਹੀਨੇ ਬਾਅਦ ਆਪਣੇ ਆਪ ਅਸਤੀਫ਼ੇ ਹੋਣ ਜਾਣਗੇ, ਫਿਰ ਇਸ ਉੱਤੇ ਡਰਾਮਾ ਕਿਉਂ। ਉਨ੍ਹਾਂ ਆਖਿਆ ਕਿ ਕਾਂਗਰਸ ਉਂਗਲੀ ਕਟਵਾ ਕੇ ਸ਼ਹੀਦ ਬਣਾ ਚਾਹੁੰਦੀ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਨੂੰ ਪਿੰਡਾਂ ਦੇ ਵਿਕਾਸ ਲਈ ਗਰਾਂਟਾਂ ਦੇ ਚੈੱਕ ਤਕਸੀਮ ਕੀਤੇ।