ਚੰਡੀਗੜ੍ਹ: ਪਾਕਿਸਤਾਨ ਸਰਕਾਰ ਸਿੱਖਾਂ 'ਤੇ ਕਾਫੀ ਮਿਹਰਬਾਨ ਹੈ। ਪਿਛਲੇ ਸਮੇਂ ਵਿੱਚ ਸਿੱਖਾਂ ਲਈ ਸਰਕਾਰ ਨੇ ਕਈ ਐਲਾਨ ਕੀਤੇ। ਸਭ ਤੋਂ ਵੱਡੀ ਗੱਲ਼ ਕਰਤਾਰਪੁਰ ਕਾਰੀਡੋਰ ਖੋਲ੍ਹਣਾ ਹੈ। ਹੈਰਾਨੀ ਦੀ ਗੱਲ਼ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਇੰਨਾ ਤਣਾਅ ਹੋਣ ਦੇ ਬਾਵਜੂਦ ਕਰਤਾਰਪੁਰ ਕਾਰੀਡੋਰ ਦਾ ਨਿਰਮਾਣ ਕਾਰਜ ਜੰਗੀ ਪੱਧਰ 'ਤੇ ਚੱਲ ਰਿਹਾ ਹੈ। ਪਾਕਿਸਤਾਨ ਦੇ ਸਿੱਖਾਂ ਪ੍ਰਤੀ ਹੇਜ਼ ਨੂੰ ਵੇਖਦਿਆਂ ਭਾਰਤ ਸਰਕਾਰ ਹਰ ਹੀਲੇ ਕਰਤਾਰਪੁਰ ਕਾਰੀਡੋਰ ਖੋਲ੍ਹਣ ਲਈ ਬਾਜ਼ਿੱਦ ਹੈ। ਇਹ ਵੀ ਅਹਿਮ ਗੱਲ਼ ਹੈ ਕਿ ਪਾਕਿਸਤਾਨ ਕਸ਼ਮੀਰੀਆਂ ਲਈ ਸਿੱਖਾਂ ਤੋਂ ਹਮਦਰਦੀ ਦੀ ਉਮੀਦ ਰੱਖਦਾ ਹੈ। ਇਸ ਲਈ ਹੀ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਿੱਖਾਂ ਨੂੰ ਆਰਐਸਐਸ ਤੇ ਬੀਜੇਪੀ ਦੇ ਕੱਟੜ ਸੋਚ ਦਾ ਹਵਾਲਾ ਦੇ ਕੇ ਚੌਕਸ ਰਹਿਣ ਦੀ ਅਪੀਲ ਕੀਤੀ। ਲਾਹੌਰ ਵਿੱਚ ਇੰਟਰਨੈਸ਼ਨਲ ਸਿੱਖ ਕਨਵੈਨਸ਼ਨ ਦੀ ਸਮਾਪਤੀ ਮੌਕੇ ਵੱਖ-ਵੱਖ ਮੁਲਕਾਂ ਤੋਂ ਆਏ ਸਿੱਖ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਇਮਰਾਨ ਖਾਨ ਨੇ ਸਿੱਖਾਂ ਕੋਲ ਕਸ਼ਮੀਰ ਮਸਲਾ ਉਠਾਇਆ। ਉਨ੍ਹਾਂ ਨੇ ਸਿੱਖਾਂ ਨੂੰ ਆਰਐਸਐਸ ਤੋਂ ਸੁਚੇਤ ਰਹਿਣ ਲਈ ਕਿਹਾ। ਸੋਮਵਾਰ ਨੂੰ ਲਾਹੌਰ ਦੇ ਗਵਰਨਰ ਹਾਊਸ ਵਿੱਚ ਇਮਰਾਨ ਖਾਨ ਨੇ ਦੇਸ਼ ਦੀ ਵੰਡ ਵੇਲੇ ਲੋਕਾਂ ਦੇ ਉਜਾੜੇ, ਕਸ਼ਮੀਰ ਵਿੱਚ ਲੋਕਾਂ ’ਤੇ ਹੋ ਰਹੇ ਜ਼ੁਲਮ ਤੇ ਆਰਐਸਐਸ ਦੀ ਹਿੰਦੂਵਾਦੀ ਸੋਚ ਆਦਿ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਉਭਾਰਿਆ। ਉਨ੍ਹਾਂ ਦੋਸ਼ ਲਾਇਆ ਕਿ ਭਾਰਤ ਦੀ ਭਾਜਪਾ ਦੀ ਅਗਵਾਈ ਹੇਠਲੀ ਹਕੂਮਤ ਅੱਜ ਮੁੜ ਉਸੇ ਸੋਚ ’ਤੇ ਕੰਮ ਕਰ ਰਹੀ ਹੈ, ਜਿਸ ਸੋਚ ਨੇ ਦੇਸ਼ ਦੀ ਵੰਡ ਕੀਤੀ ਸੀ। ਉਨ੍ਹਾਂ ਕਿਹਾ ਕਿ ਮੁਹੰਮਦ ਅਲੀ ਜਨਾਹ ਨੇ ਕੁਝ ਹਿੰਦੂ ਆਗੂਆਂ ਦੀ ਹਿੰਦੁਵਾਦੀ ਸੋਚ ਨੂੰ ਮਹਿਸੂਸ ਕਰਨ ਮਗਰੋਂ ਹੀ ਵੱਖਰੇ ਮੁਲਕ ਦੀ ਮੰਗ ਕੀਤੀ ਸੀ। ਉਨ੍ਹਾਂ ਆਰਐਸਐਸ ’ਤੇ ਗੰਭੀਰ ਦੋਸ਼ ਲਾਏ ਤੇ ਉਸ ਨੂੰ ਮਨੁੱਖਤਾ ਵਿਰੋਧੀ ਗਤੀਵਿਧੀਆਂ ਵਾਲੀ ਜਥੇਬੰਦੀ ਕਰਾਰ ਦਿੱਤਾ। ਉਨ੍ਹਾਂ ਭਾਜਪਾ ਦੇ ਆਰਐਸਐਸ ਸਮਰਥਕ ਆਗੂਆਂ ਨੂੰ ਹਿਟਲਰ ਦੀ ਸੋਚ ਵਾਲੇ ਆਗੂ ਦੱਸਿਆ। ਕਸ਼ਮੀਰ ਦਾ ਮੁੱਦਾ ਉਭਾਰਦਿਆਂ ਉਨ੍ਹਾਂ ਕਿਹਾ ਕਿ ਵਾਦੀ ਵਿਚ 27 ਦਿਨਾਂ ਤੋਂ ਲੋਕਾਂ ਨੂੰ ਕੈਦ ਕਰਕੇ ਰੱਖਿਆ ਹੋਇਆ ਹੈ। ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ,‘‘ਪਾਕਿਸਤਾਨ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਇਸਲਾਮ ਕਦੇ ਵੀ ਜ਼ਬਰਦਸਤੀ ਜਾਂ ਵਧੀਕੀ ਦਾ ਹਾਮੀ ਨਹੀਂ ਹੈ ਅਤੇ ਸਭ ਨੂੰ ਬਰਾਬਰੀ ਦਾ ਹੱਕ ਦਿੰਦਾ ਹੈ।’’ ਸਿੱਖਾਂ ਨੂੰ ਸੁਚੇਤ ਕਰਦਿਆਂ ਉਨ੍ਹਾਂ ਆਖਿਆ ਕਿ ਆਰਐਸਐਸ ਹਿੰਦੁਸਤਾਨ ਨੂੰ ਜਿਸ ਦਿਸ਼ਾ ਵਲ ਲੈ ਕੇ ਜਾ ਰਹੀ ਹੈ, ਉਥੇ ਕਿਸੇ ਵੀ ਹੋਰ ਮਜ਼ਹਬ ਵਾਸਤੇ ਥਾਂ ਨਹੀਂ। ਉਨ੍ਹਾਂ ਸਿੱਖਾਂ ਨੂੰ ਆਖਿਆ ਕਿ ਉਹ ਵੀ ਇਸ ਖਿਲਾਫ਼ ਆਵਾਜ਼ ਬੁਲੰਦ ਕਰਨ। ਪ੍ਰਧਾਨ ਮੰਤਰੀ ਨੇ ਆਖਿਆ ਕਿ ਉਨ੍ਹਾਂ ਅਹੁਦਾ ਸਾਂਭਣ ਤੋਂ ਬਾਅਦ ਭਾਰਤ ਵਲ ਦੋਸਤੀ ਦਾ ਹੱਥ ਵਧਾਇਆ ਸੀ ਪਰ ਭਾਰਤ ਵੱਲੋਂ ਕੋਈ ਹਾਂ-ਪੱਖੀ ਹੁੰਗਾਰਾ ਨਹੀਂ ਮਿਲਿਆ ਸਗੋਂ ਹਰ ਵਾਰ ਸ਼ਰਤਾਂ ਰੱਖੀਆਂ ਗਈਆਂ, ਜਿਸ ਕਾਰਨ ਆਪਸੀ ਸਬੰਧ ਸੁਖਾਲੇ ਨਹੀਂ ਹੋ ਸਕੇ।