ਚੰਡੀਗੜ੍ਹ: ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਦੇ ਬਾਵਜੂਦ ਦੋਵੇਂ ਮੁਲਕ ਸ਼੍ਰੀ ਕਰਤਾਰਪੁਰ ਲਾਂਘੇ ਲਈ ਸੁਹਿਰਦ ਯਤਨ ਕਰ ਰਹੇ ਹਨ। ਦੋਵਾਂ ਪਾਸੇ ਜੰਗੀ ਪੱਧਰ 'ਤੇ ਕੰਮ ਚੱਲ ਰਿਹਾ ਹੈ। ਇਹ ਪਹਿਲੀ ਵਾਰ ਹੈ ਕਿ ਪਾਕਿਸਤਾਨ ਸਰਕਾਰ ਇਸ ਮਾਮਲੇ ਵਿੱਚ ਵੱਡੀ ਦਰਿਆਦਿਲੀ ਵਿਖਾ ਰਹੀ ਹੈ। ਇਸ ਲਾਂਘੇ ਦੀ ਪਹਿਲ ਵੀ ਗੁਆਂਢੀ ਮੁਲਕ ਵੱਲੋਂ ਹੀ ਕੀਤੀ ਗਈ ਸੀ।

ਪਾਕਿਸਤਾਨ ਨੇ ਹੁਣ ਕਰਤਾਰਪੁਰ ’ਚ ਗੁਰਦੁਆਰਾ ਦਰਬਾਰ ਸਾਹਿਬ ਲਈ 14 ਗੁਣਾ ਵੱਧ ਯਾਨੀ 42 ਏਕੜ ਜ਼ਮੀਨ ਅਲਾਟ ਕਰਨ ਦਾ ਐਲਾਨ ਕੀਤਾ ਹੈ। ਪੰਜਾਬ ਦੇ ਗਵਰਨਰ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਵਾਲੇ ਪਾਸੇ ਕਰਤਾਰਪੁਰ ਲਾਂਘੇ ਦਾ ਕੰਮ 80 ਫ਼ੀਸਦੀ ਮੁਕੰਮਲ ਹੋ ਚੁੱਕਾ ਹੈ। ਲਾਂਘਾ ਪਾਕਿਸਤਾਨ ਦੇ ਕਰਤਾਰਪੁਰ ’ਚ ਗੁਰਦੁਆਰਾ ਦਰਬਾਰ ਸਾਹਿਬ ਨੂੰ ਗੁਰਦਾਸਪੁਰ ਜ਼ਿਲ੍ਹੇ ’ਚ ਡੇਰਾ ਬਾਬਾ ਨਾਨਕ ਗੁਰਦੁਆਰੇ ਨਾਲ ਜੋੜੇਗਾ। ਭਾਰਤੀ ਸਿੱਖ ਸ਼ਰਧਾਲੂ ਵੀਜ਼ੇ ਤੋਂ ਬਿਨਾਂ ਗੁਰਦੁਆਰੇ ਦੇ ਦਰਸ਼ਨ ਕਰ ਸਕਣਗੇ।

ਮੀਡੀਆ ਰਿਪੋਰਟਾਂ ਮੁਤਾਬਕ ਪੰਜਾਬ ਦੇ ਗਵਰਨਰ ਮੁਹੰਮਦ ਸਰਵਰ ਨੇ ਮੰਗਲਵਾਰ ਨੂੰ ਕਰਤਾਰਪੁਰ ’ਚ ਗੁਰਦੁਆਰਾ ਦਰਬਾਰ ਸਾਹਿਬ ਲਈ ਜ਼ਮੀਨ ਦੀ ਅਲਾਟਮੈਂਟ ਤਿੰਨ ਏਕੜ ਤੋਂ ਵਧਾ ਕੇ 42 ਏਕੜ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਜ਼ਮੀਨ ’ਤੇ ਕਿਸੇ ਵੀ ਤਰ੍ਹਾਂ ਦੀ ਉਸਾਰੀ ਨਹੀਂ ਕੀਤੀ ਜਾਵੇਗੀ ਜਿਸ ’ਤੇ ਗੁਰੂ ਨਾਨਕ ਦੇਵ ਜੀ ਖੇਤੀ ਕਰਦੇ ਸਨ।

ਲਾਂਘੇ ਦੇ ਕੰਮਾਂ ਦਾ ਜਾਇਜ਼ਾ ਲੈਣ ਦੌਰਾਨ ਸਰਵਰ ਨੇ ਕਿਹਾ ਕਿ ਉਹ ਦੁਨੀਆ ਭਰ ’ਚ ਵਸਦੇ ਸਿੱਖ ਭਰਾਵਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਲਈ ਜ਼ਮੀਨ ’ਚ ਕਟੌਤੀ ਨਹੀਂ ਕੀਤੀ ਜਾਵੇਗੀ। ‘ਇਸ ਦੀ ਥਾਂ ਗੁਰਦੁਆਰਾ ਦਰਬਾਰ ਸਾਹਿਬ ਲਈ 42 ਏਕੜ ਜ਼ਮੀਨ ਤੇ ਖੇਤੀ ਲਈ 62 ਏਕੜ ਜ਼ਮੀਨ ਮਨਜ਼ੂਰ ਕੀਤੀ ਗਈ ਹੈ। ਇਸੇ ਤਰ੍ਹਾਂ ਗੁਰਦੁਆਰਾ ਦਰਬਾਰ ਸਾਹਿਬ ਲਈ ਕੁੱਲ 104 ਏਕੜ ਜ਼ਮੀਨ ਦਿੱਤੀ ਜਾਵੇਗੀ।’

ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘੇ ਲਈ ਕੁੱਲ 408 ਏਕੜ ਜ਼ਮੀਨ ਦਿੱਤੀ ਜਾਵੇਗੀ। ਉਨ੍ਹਾਂ ਆਸ ਜਤਾਈ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਗਮ ’ਚ ਸ਼ਿਰਕਤ ਕਰਨਗੇ। ਉਨ੍ਹਾਂ ਕਿਹਾ ਕਿ ਚੈੱਕ ਪੁਆਇੰਟ ਤੋਂ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਗੁਰਦੁਆਰੇ ਤਕ ਲੈ ਕੇ ਜਾਣ ਲਈ ਵਿਸ਼ੇਸ਼ ਟਰਾਂਸਪੋਰਟ ਦੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਗੁਰਦੁਆਰੇ ’ਚ ਤਿੰਨ ‘ਲੰਗਰ ਖਾਨੇ’ ਬਣਾਏ ਜਾ ਰਹੇ ਹਨ।