ਚੰਡੀਗੜ੍ਹ: ਪਾਕਿਸਤਾਨ ਵੱਲੋਂ ਪੰਜਾਬ ਵਿੱਚ ਕੀਤੇ ਡ੍ਰੋਨ 'ਹਮਲੇ' ਨੇ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਦੀ ਨੀਂਦ ਉਡਾ ਦਿੱਤੀ ਹੈ। ਸਰਹੱਦ 'ਤੇ ਪੂਰੀ ਸਖਤੀ ਦੇ ਬਾਵਜੂਦ ਪਾਕਿਸਤਾਨ ਤੋਂ ਡ੍ਰੋਨਾਂ ਰਾਹੀਂ ਹਥਿਆਰ ਆਉਣ ਦੇ ਖੁਲਾਸੇ ਨੇ ਸੁਰੱਖਿਆ ਪ੍ਰਬੰਧਾਂ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸੁਰੱਖਿਆ ਏਜੰਸੀਆਂ ਨੇ ਕਦੇ ਇਹ ਸੋਚਿਆ ਵੀ ਨਹੀਂ ਸੀ ਕਿ ਗੁਆਂਢੀ ਮੁਲਕ ਉਨ੍ਹਾਂ ਦੇ ਸੁਰੱਖਿਆ ਕਵਚ ਨੂੰ ਇੰਜ ਸੰਨ੍ਹ ਲਾ ਲਵੇਗਾ।

ਦਰਅਸਲ ਪੰਜਾਬ ਪੁਲਿਸ ਨੇ ਪਿਛਲੇ ਦਿਨੀਂ ਤਰਨ ਤਾਰਨ ਤੋਂ ਵੱਡੀ ਮਾਤਰਾ ਵਿੱਚ ਹਥਿਆਰ ਫੜੇ ਸੀ। ਇਸ ਮਾਮਲੇ ਵਿੱਚ ਗ੍ਰਿਫਾਤਰ ਚਾਰ ਮੁਲਜ਼ਮਾਂ ਨੇ ਖੁਲਾਸਾ ਕੀਤਾ ਹੈ ਕਿ ਇਹ ਹਥਿਆਰ ਪਾਕਿਸਤਾਨ ਤੋਂ ਡ੍ਰੋਨਾਂ ਰਾਹੀਂ ਭੇਜੇ ਗਏ ਸੀ। ਇਸ ਦਾ ਪਤਾ ਲੱਗਦਿਆਂ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਨਵੀਂ ਚੁਣੌਤੀ ਦਾ ਤੁਰੰਤ ਹੱਲ ਕੱਢਣ ਲਈ ਕਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਸਰਹੱਦ 'ਤੇ ਕੁਝ ਵੀ ਕਰ ਸਕਦਾ ਹੈ ਜਿਸ ਨਾਲ ਜ਼ਿਆਦਾ ਨੁਕਸਾਨ ਪੰਜਾਬ ਦਾ ਹੀ ਹੋਏਗਾ।


ਪਾਕਿਸਤਾਨ ਤੋਂ 10 ਡ੍ਰੋਨਾਂ ਰਾਹੀਂ ਹਥਿਆਰ ਭੇਜੇ ਗਏ ਸੀ। ਪੁਲਿਸ ਨੇ 4 ਸ਼ੱਕੀ ਮੁਲਜ਼ਮਾਂ ਨੂੰ 5 ਏਕੇ 47, ਗ੍ਰਨੇਡ, ਪਿਸਤੌਲ ਤੇ ਸੈਟੇਲਾਈਟ ਫੋਨ ਸਮੇਤ ਕਾਬੂ ਕੀਤਾ ਹੈ। ਇਹ ਹਥਿਆਰ ਵੱਡੀ ਵਾਰਦਾਤ ਲਈ ਭੇਜੇ ਗਏ ਸੀ। ਸੁਰੱਖਿਆ ਏਜੰਸੀਆਂ ਮੁਤਾਬਕ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਮੁਖੀ ਰਣਜੀਤ ਸਿੰਘ ਨੀਟਾ ਨੇ ਜਰਮਨੀ ਵਿੱਚ ਬੈਠੇ ਆਪਣੇ ਸਾਥੀ ਗੁਰਮੀਤ ਉਰਫ ਬੱਗਾ ਰਾਹੀਂ ਅੰਮ੍ਰਿਤਸਰ ਜੇਲ੍ਹ ਵਿੱਚ ਕੈਦੀਆਂ ਨਾਲ ਮਿਲ ਕੇ ਸਾਜ਼ਿਸ਼ ਘੜੀ ਸੀ।

ਇਹ ਵੀ ਖੁਫੀਆ ਜਾਣਕਾਰੀ ਹੈ ਕਿ ਪਾਕਿਸਤਾਨੀ ਸੈਨਾ ਜੰਮੂ-ਕਸ਼ਮੀਰ ‘ਚ ਧਮਾਕਿਆਂ ਲਈ ਅਫਗਾਨਿਸਤਾਨ ਦੇ ਅੱਤਵਾਦੀਆਂ ਨੂੰ ਭਰਤੀ ਕਰ ਰਹੀ ਹੈ। ਖੁਫੀਆ ਏਜੰਸੀਆਂ ਨੇ ਅਲਰਟ ਜਾਰੀ ਕੀਤਾ ਹੈ ਕਿ ਪਾਕਿ ਸੈਨਾ ਨੇ ਕਰੀਬ 60 ਅਫਗਾਨੀ ਅੱਤਵਾਦੀਆਂ ਨੂੰ ਭਰਤੀ ਕੀਤਾ ਹੈ ਜਿਨ੍ਹਾਂ ਨੂੰ ਘੁਸਪੈਠ ਕਰਨ ਦੀ ਕੋਸ਼ਿਸ਼ ਲਈ ਕਿਹਾ ਗਿਆ ਹੈ। ਇਹ ਘੁਸਪੈਠ ਪੰਜਾਬ ਰਾਹੀਂ ਹੋ ਸਕਦੀ ਹੈ।

ਪੰਜਾਬ ਪੁਲਿਸ ਦੇ ਸੂਤਰਾਂ ਮੁਤਾਬਕ ਪਾਕਿਸਤਾਨੀ ਏਜੰਸੀਆਂ ਨੇ 9 ਤੋਂ 16 ਸਤੰਬਰ ‘ਚ ਕਰੀਬ ਅੱਠ ਤੋਂ ਦਸ ਚੀਨੀ ਡ੍ਰੋਨਾਂ ਨਾਲ 80 ਕਿਲੋ ਵਿਸਫੋਟ ਪੰਜਾਬ ਤੇ ਜੰਮੂ-ਕਸ਼ਮੀਰ ‘ਚ ਭੇਜਿਆ ਹੈ। ਪੰਜਾਬ ਪੁਲਿਸ ਦੇ ਮੁਖੀ ਦਿਨਕਰ ਗੁਪਤਾ ਦਾ ਕਹਿਣਾ ਹੈ ਕਿ ਪਾਕਿ ਦੇ ਅੱਤਵਾਦੀ ਸੰਗਠਨ ਜੰਮੂ-ਕਸ਼ਮੀਰ ‘ਚ ਵੱਡੇ ਧਮਾਕੇ ਦੀ ਪਲਾਨਿੰਗ ਕਰ ਰਹੇ ਹਨ। ਇਸ ਲਈ ਪਾਕਿਸਤਾਨ ਆਈਐਸਆਈ, ਅੱਤਵਾਦੀ ਸੰਗਠਨ, ਖਾਲਿਸਤਾਨ ਜ਼ਿੰਦਾਬਾਦ ਫੋਰਸ ਦਾ ਸਮੱਰਥਨ ਕਰ ਰਹੀ ਹੈ।

ਏਜੰਸੀਆਂ ਮੁਤਾਬਕ ਆਈਐਸਆਈ ਅਫਗਾਨੀ ਅੱਤਵਾਦੀਆਂ ਨੂੰ ਪਾਕਿ ਦੇ ਖੈਬਰ ਪਖਤੂਨਖਵਾ ‘ਚ ਟ੍ਰੇਨਿੰਗ ਦੇ ਰਹੀ ਹੈ। ਇਨ੍ਹਾਂ ਅੱਤਵਾਦੀਆਂ ਦੀ 24 ਤੋਂ 48 ਘੰਟਿਆਂ ‘ਚ ਛੋਟੇ-ਛੋਟੇ ਗਰੁੱਪਾਂ ‘ਚ ਘੁਸਪੈਠ ਕਰਨ ਦੀ ਕੋਸ਼ਿਸ਼ ਰਹੇਗੀ। ਇਹ ਸਾਰੇ ਪੰਜਾਬ ਤੇ ਜੰਮੂ-ਕਸ਼ਮੀਰ ‘ਚ ਹਮਲਾ ਕਰ ਸਕਦੇ ਹਨ।