ਫਾਜ਼ਿਲਕਾ: ਪਾਕਿਸਤਾਨ ਵੱਲੋਂ ਫੇਰ ਤੋਂ ਪਾਣੀ ਛੱਡਣ ਨਾਲ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਕਈ ਪਿੰਡਾਂ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਤਿੰਨ ਪਾਸਿਓਂ ਪਾਕਿ ਸਰਹੱਦ ਨਾਲ ਘਿਰੇ ਪਿੰਡ ਮੁਹਾਰ ਜਮਸ਼ੇਰ ‘ਚ 800 ਏਕੜ ਫਸਲ ਪਾਣੀ ਨਾਲ ਤਬਾਹ ਹੋ ਗਈ ਹੈ। ਪਿੰਡ ਵਾਸੀਆਂ ‘ਚ ਡਰ ਦਾ ਮਾਹੌਲ ਹੈ।
ਉਧਰ, ਸਤਲੁਜ ਦਰਿਆ ‘ਤੇ ਟੇਂਡੀਵਾਲ ਬੰਨ੍ਹ ‘ਚ ਪਾੜ ਲਗਾਤਾਰ ਵਧਣ ਨਾਲ ਫਿਰੋਜ਼ਪੁਰ ਜ਼ਿਲ੍ਹੇ ‘ਚ ਕਈ ਹੋਰ ਪਿੰਡਾਂ ‘ਚ ਪਾਣੀ ਆਉਣ ਦਾ ਖਦਸ਼ਾ ਹੈ। ਇਸ ਤੋਂ ਬਾਅਦ ਫਾਜ਼ਿਲਕਾ ਤੇ ਫਿਰੋਜਪੁਰ ਜ਼ਿਲ੍ਹਾ ਪ੍ਰਸਾਸ਼ਨ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ।
ਸੰਵੇਦਨਸ਼ੀਲ ਪਿੰਡਾਂ ਦੇ ਲੋਕਾਂ ਨੂੰ ਸਰੱਖਿਅਤ ਥਾਂਵਾਂ ‘ਤੇ ਜਾਣ ਨੂੰ ਕਿਹਾ ਗਿਆ ਹੈ। ਸੀਐਮ ਅਮਰਿੰਦਰ ਸਿੰਘ ਨੇ ਹੁਕਮ ਜਾਰੀ ਕੀਤੇ ਹਨ ਕਿ ਉਹ ਪਿੰਡ ‘ਚ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਸੈਨਾ ਨਾਲ ਸਾਂਝੀ ਯੋਜਨਾ ‘ਤੇ ਕੰਮ ਕਰਨ।
ਕੈਪਟਨ ਨੇ ਕਿਹਾ ਹੈ ਕਿ ਉਨ੍ਹਾਂ ਦੀ ਕੇਂਦਰ ਨੂੰ ਅਪੀਲ ਮਗਰੋਂ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਹੜ੍ਹ ਦੇ ਨੁਕਸਾਨ ਦਾ ਜਾਇਜ਼ਾ ਲੈਣ ਵਾਲੀ ਕੇਂਦਰੀ ਟੀਮ ਨੂੰ ਪੰਜਾਬ ਭੇਜਣ ਦਾ ਫੈਸਲਾ ਕੀਤਾ ਹੈ।