ਅੰਮ੍ਰਿਤਸਰ: ਇਮਰਾਨ ਕੁਰੈਸ਼ੀ ਵਾਰਸੀ 14 ਸਾਲ ਬਾਅਦ ਆਪਣੇ ਵਤਨ ਪਰਤੇਗਾ। ਇਸ ਦੇ ਬਾਵਜੂਦ ਉਸ ਦੇ ਦਿਲ ਵਿੱਚ ਇਸ ਗੱਲ ਦਾ ਦੁੱਖ ਰਹੇਗਾ ਕਿ ਉਸ ਦਾ ਪਰਿਵਾਰ ਭਾਰਤ ਵਿੱਚ ਰਹਿ ਗਿਆ। ਦਰਅਸਲ ਇਮਰਾਨ ਦਾ ਵਿਆਹ ਕੋਲਕਾਤਾ ਦੀ ਰਹਿਣ ਵਾਲੀ ਉਸ ਦੀ ਮਾਮੇ ਦੀ ਲੜਕੀ ਨਾਲ 2004 ਵਿੱਚ ਹੋਇਆ ਸੀ। ਉਸ ਦੇ ਦੋ ਬੱਚੇ ਵੀ ਹਨ ਜੋ ਭਾਰਤ ਰਹਿ ਗਏ ਹਨ।


ਪਾਕਿਸਤਾਨ ਦੇ ਸਿੰਧ ਸੂਬੇ ਦੇ ਕਰਾਚੀ ਸ਼ਹਿਰ ਦਾ ਰਹਿਣ ਵਾਲਾ ਇਮਰਾਨ ਕੁਰੈਸ਼ੀ ਵਾਰਸੀ 2004 ਵਿੱਚ ਭਾਰਤ ਆਇਆ ਸੀ। ਇੱਥੇ ਆ ਕੇ ਉਸ ਨੇ ਆਪਣੇ ਮਾਮੇ ਦੀ ਲੜਕੀ ਨਾਲ ਵਿਆਹ ਰਚਾ ਲਿਆ। ਵਿਆਹ ਕਰਵਾਉਣ ਤੋਂ ਬਾਅਦ ਉਸ ਨੇ ਜਾਅਲੀ ਦਸਤਾਵੇਜ਼ ਬਣਾਉਣ ਦੀ ਕੋਸ਼ਿਸ਼ ਕੀਤੀ। ਉਹ ਭੋਪਾਲ ਤੋਂ ਪਾਸਪੋਰਟ ਬਣਾਉਣ ਲਈ ਗਿਆ ਜਿੱਥੇ ਜਾਅਲੀ ਪੈਨ ਕਾਰਡ ਤੇ ਰਾਸ਼ਨ ਕਾਰਡ ਬਣਾਉਣ ਦੇ ਦੋਸ਼ਾਂ ਹੇਠ ਇਮਰਾਨ ਨੂੰ ਮੱਧ ਪ੍ਰਦੇਸ਼ ਪੁਲਿਸ ਨੇ ਗ੍ਰਿਫਤਾਰ ਕਰ ਲਿਆ।

ਇਸ ਕੇਸ ਵਿੱਚ ਉਸ ਨੂੰ 10 ਸਾਲ ਦੀ ਸਜ਼ਾ ਹੋਈ। ਹੁਣ ਇਮਰਾਨ ਨੂੰ ਭੋਪਾਲ ਦੀ ਜੇਲ੍ਹ ਵਿੱਚੋਂ ਰਿਹਾਅ ਕੀਤਾ ਗਿਆ ਤੇ ਟ੍ਰੇਨ ਰਾਹੀਂ ਮੱਧ ਪ੍ਰਦੇਸ਼ ਪੁਲਿਸ ਬੀਤੀ ਰਾਤ ਉਸ ਨੂੰ ਅੰਮ੍ਰਿਤਸਰ ਲੈ ਕੇ ਪੁੱਜੀ। ਅੱਜ ਕੁਝ ਸਮੇਂ ਬਾਅਦ ਵਾਹਗਾ ਸਰਹੱਦ ਰਾਹੀਂ ਉਸ ਨੂੰ ਉਸ ਦੇ ਵਤਨ ਭੇਜ ਦਿੱਤਾ ਜਾਵੇਗਾ। ਭੋਪਾਲ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਇਮਰਾਨ ਨੇ ਇਸ ਗੱਲ ਦਾ ਦੁੱਖ ਮਹਿਸੂਸ ਜ਼ਰੂਰ ਕੀਤਾ ਕਿ ਉਸ ਦਾ ਪਰਿਵਾਰ ਭਾਰਤ ਰਹਿ ਗਿਆ ਹੈ। ਉਹ ਹੁਣ ਕਾਨੂੰਨ ਜ਼ਰੀਏ ਆਪਣੇ ਪਰਿਵਾਰ ਨੂੰ ਵਾਪਸ ਲੈ ਕੇ ਜਾਣ ਦੀ ਜਾਂ ਭਾਰਤ ਵਿੱਚ ਰਹਿਣ ਲਈ ਅਪਲਾਈ ਕਰੇਗਾ ਤੇ ਕਾਨੂੰਨੀ ਚਾਰਾਜੋਈ ਕਰੇਗਾ।

ਭਾਰਤ ਇਮਰਾਨ ਤੋਂ ਇਲਾਵਾ ਇੱਕ ਹੋਰ ਅਬਦੁੱਲਾ ਨਾਮ ਦੇ ਕੈਦੀ ਨੂੰ ਰਿਹਾਅ ਕਰ ਸਕਦਾ ਹੈ। ਉਹ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਨਜ਼ਰਬੰਦ ਸੀ ਪਰ ਉਸ ਦੀ ਹਾਲੇ ਤੱਕ ਪੁਸ਼ਟੀ ਨਹੀਂ ਹੋ ਸਕੀ। ਇਮਰਾਨ ਨੂੰ ਸੁਰੱਖਿਆ ਏਜੰਸੀਆਂ ਅਟਾਰੀ ਆਈਸੀਪੀ ਤੇ ਲੈ ਕੇ ਪੁੱਜ ਚੁੱਕੀਆਂ ਹਨ। ਉਸ ਦੀ ਵਤਨ ਵਾਪਸੀ ਕੁਝ ਸਮੇਂ ਤੱਕ ਹੋ ਜਾਵੇਗੀ।