ਇਮਰਾਨ ਖ਼ਾਨ

ਜਲੰਧਰ: ਜ਼ਿਲ੍ਹੇ ਦੇ ਪਿੰਡ ਕੰਗ ਸਾਬੂ ਪੰਚਾਇਤ ਦੇ ਸੱਤ ਵਾਰਡਾਂ ਵਿੱਚੋਂ ਪੰਜ ਨੰਬਰ ਵਾਰਡ ਦੀ ਪੰਚ ਝੁੱਗੀ ਵਿੱਚ ਰਹਿਣ ਵਾਲੀ ਔਰਤ ਬਣੀ ਹੈ। 40 ਸਾਲ ਦੀ ਸੰਧਿਆ 1999 ਤੋਂ ਜਲੰਧਰ-ਨਕੋਦਰ ਹਾਈਵੇ 'ਤੇ ਬਣੀ ਝੁੱਗੀਆਂ ਵਿੱਚ ਆਪਣੇ ਪਰਿਵਾਰ ਦੇ ਨਾਲ ਰਹਿੰਦੀ ਹੈ। ਇਸ ਵਾਰਡ ਦੀਆਂ ਕੁੱਲ 250 ਵੋਟਾਂ ਵਿੱਚੋਂ 200 ਝੁੱਗੀ ਵਿੱਚ ਰਹਿਣ ਵਾਲੇ ਲੋਕਾਂ ਦੀਆਂ ਹਨ। ਝੁੱਗੀ ਵਾਲਿਆਂ ਨੇ ਪਹਿਲੀ ਵਾਰ ਆਪਣਾ ਉਮੀਦਵਾਰ ਝੁੱਗੀ ਵਿੱਚ ਰਹਿਣ ਵਾਲੀ ਸੰਧਿਆ ਨੂੰ ਬਣਾਇਆ ਅਤੇ ਉਹ ਸਰਬਸੰਮਤੀ ਨਾਲ ਪੰਚ ਬਣ ਗਈ।

ਸੰਧਿਆ ਦੇ ਪੰਚ ਬਣਨ ਦੀ ਕਹਾਣੀ ਇੰਨੀ ਸੌਖੀ ਨਹੀਂ ਹੈ। ਹਰ ਵਾਰ ਪਿੰਡ ਦੇ ਲੋਕ ਝੁੱਗੀ ਵਾਲਿਆਂ ਦੀ ਨੁਮਾਇੰਦਗੀ ਕਰਦੇ ਸਨ ਪਰ ਇਸ ਵਾਰ ਉਨ੍ਹਾਂ ਨੇ ਸੱਤਾ ਵਿੱਚ ਆ ਕੇ ਆਪਣੀ ਜ਼ਿੰਦਗੀ ਵਿੱਚ ਬਦਲਾਅ ਲਿਆਉਣ ਦਾ ਫੈਸਲਾ ਕੀਤਾ ਹੈ। ਸੰਧਿਆ 'ਤੇ ਕਈ ਵਾਰ ਕਾਗ਼ਜ਼ ਵਾਪਸ ਲਏ ਜਾਣ ਦਾ ਦਬਾਅ ਬਣਾਇਆ ਗਿਆ ਪਰ ਝੁੱਗੀ ਵਾਲੇ ਸਾਰੇ ਸੰਧਿਆ ਦੇ ਨਾਲ ਸਨ। ਲੋਕਾਂ ਦੇ ਸਾਥ ਨਾਲ ਸੰਧਿਆ ਨੇ ਉਹ ਕਰ ਵਿਖਾਇਆ ਜਿਸ ਬਾਰੇ ਸ਼ਾਇਦ ਸੋਚਣਾ ਵੀ ਔਖਾ ਲੱਗਦਾ ਹੈ।

ਨਵੀਂ ਚੁਣੀ ਪੰਚ ਸੰਧਿਆ ਦੇ ਪਤੀ ਸੁਰੇਸ਼ ਕੁਮਾਰ ਝੁੱਗੀਆਂ ਦੇ ਲੋਕਾਂ ਦੀ ਨੁਮਾਇੰਦਗੀ ਕਰਦੇ ਹਨ। ਹਰ ਚੋਣ ਵਿੱਚ ਇੱਥੇ ਲੀਡਰ ਵੋਟ ਮੰਗਣ ਆਉਂਦੇ ਤਾਂ ਇਨ੍ਹਾਂ ਦੀ ਜ਼ਿੰਦਗੀ ਬਦਲਣ ਦੇ ਵਾਅਦੇ ਵੀ ਕਰਦੇ। ਜਿੱਤਣ ਤੋਂ ਬਾਅਦ ਮੁੜ ਕਦੀ ਕੋਈ ਨਹੀਂ ਆਉਂਦਾ। ਅਸ਼ੋਕ ਮੁਤਾਬਿਕ ਝੁੱਗੀਆਂ ਵਿੱਚ ਵੱਸੇ ਸਾਰੇ ਲੋਕ ਮਹਾਰਾਸ਼ਟਰ ਦੇ ਨਾਸਿਕ ਦੇ ਰਹਿਣ ਵਾਲੇ ਹਨ। ਪਹਿਲਾਂ ਜਲੰਧਰ ਦੇ ਰਾਮਾਮੰਡੀ ਇਲਾਕੇ ਵਿੱਚ ਰਹਿੰਦੇ ਸਨ, ਪਰ ਉੱਥੇ ਫਲਾਈ ਓਵਰ ਬਣਨਾ ਸ਼ੁਰੂ ਹੋਇਆ ਤਾਂ ਪ੍ਰਸ਼ਾਸਨ ਨੇ ਇਨ੍ਹਾਂ ਨੂੰ ਇੱਥੇ ਸੁੱਟ ਦਿੱਤਾ।

ਝੁੱਗੀ ਵਿੱਚ ਰਹਿਣ ਵਾਲੇ ਅਸ਼ੋਕ ਮੁਤਾਬਿਕ ਲੀਡਰਾਂ ਨੇ ਕਦੇ ਵੋਟਾਂ ਤੋਂ ਇਲਾਵਾ ਉਨਾਂ ਦੀ ਕੋਈ ਬਾਤ ਨਹੀਂ ਪੁੱਛੀ। ਇੱਥੇ ਤਾਂ ਪੀਣ ਵਾਲਾ ਪਾਣੀ ਵੀ ਨਹੀਂ ਮਿਲਦਾ। ਬਿਜਲੀ ਦੇ ਖੰਭੇ ਲੱਗੇ ਹਨ ਪਰ ਸਪਲਾਈ ਨਹੀਂ ਹੈ। ਕਹਿੰਦੇ ਹਨ ਸੰਧਿਆ ਕਰਕੇ ਇੱਥੋਂ ਦੇ ਲੋਕਾਂ ਵਿੱਚ ਕੁਝ ਆਸ ਜ਼ਰੂਰ ਬੱਝੀ ਹੈ, ਹੁਣ ਅਸੀਂ ਆਪਣੀ ਗੱਲ ਤਾਂ ਰੱਖ ਸਕਾਂਗੇ।

ਇਨ੍ਹਾਂ ਲੋਕਾਂ ਨੂੰ ਅੱਗੇ ਆਉਣ ਲਈ ਪ੍ਰੇਰਨ ਵਾਲਾ ਨਕੋਦਰ ਦਾ ਰਹਿਣ ਵਾਲਾ ਮਜ਼ਦੂਰ ਲੀਡਰ ਤਰਸੇਮ ਪੀਟਰ ਹੈ। ਪੀਟਰ ਨੇ ਇਨ੍ਹਾਂ ਨੂੰ ਸਮਝਾਇਆ ਕਿ ਸੱਤਾ ਦਾ ਹਿੱਸਾ ਬਣ ਕ ਆਪਣੀਆਂ ਮੰਗਾਂ ਵੱਡੇ ਪੱਧਰ 'ਤੇ ਚੁੱਕੀਆਂ ਜਾ ਸਕਦੀਆਂ ਹਨ। ਪੀਟਰ ਦੱਸਦੇ ਹਨ ਕਿ ਦਲਿਤ ਹੋਣ ਕਰਕੇ ਕੋਈ ਇਨਾਂ ਵੱਲ ਧਿਆਨ ਨਹੀਂ ਦਿੰਦਾ, ਵੋਟ ਜ਼ਰੂਰ ਲੈਂਦਾ ਹੈ। ਅਸੀਂ ਇਨਾਂ ਨੂੰ ਜਾਗਰੂਕ ਕੀਤਾ ਜਿਸ ਦਾ ਨਤੀਜਾ ਸਾਰਿਆਂ ਦੇ ਸਾਹਮਣੇ ਹੈ।