ਮੋਗਾ: ਪੰਜਾਬ ਵਿੱਚ ਸਰਪੰਚੀ ਲਈ ਜੰਗ ਜਾਰੀ ਹੈ, ਜਿਸ ਦਾ ਨਤੀਜਾ ਆਉਂਦੀ 30 ਦਸੰਬਰ ਆ ਜਾਵੇਗਾ। ਇਸ ਵਾਰ ਦੀਆਂ ਚੋਣਾਂ ਵਿੱਚ ਕਈ ਕੌਤਕ ਵਰਤੇ। ਕਿਤੇ ਭਰਾ-ਭਰਾ, ਕਿਤੇ ਜੇਠ-ਜਠਾਣੀ ਤੇ ਕਿਤੇ ਸੱਸ-ਨੂੰਹ ਇਨ੍ਹਾਂ ਚੋਣਾਂ ਵਿੱਚ ਇੱਕ-ਦੂਜੇ ਦੇ ਵਿਰੁੱਧ ਆਪਣੀ ਕਿਸਮਤ ਅਜ਼ਮਾ ਰਹੇ ਹਨ। ਅਜਿਹੇ ਹੀ ਪਤੀ-ਪਤਨੀ ਜ਼ਿਲ੍ਹਾ ਮੋਗਾ ਤੋਂ ਹਨ ਜੋ ਪੰਚਾਇਤੀ ਚੋਣਾਂ ਲੜ ਰਹੇ ਹਨ, ਪਰ ਇਹ ਐਨਆਰਆਈ ਜੋੜਾ ਇੱਕ-ਦੂਜੇ ਦੇ ਖ਼ਿਲਾਫ਼ ਨਹੀਂ ਬਲਕਿ ਵੱਖ-ਵੱਖ ਅਹੁਦਿਆਂ ਲਈ ਇੱਕ-ਦੂਜੇ ਦੇ ਸਾਥ ਨਾਲ ਇਹ ਚੋਣ ਲੜ ਰਿਹਾ ਹੈ।



ਜ਼ਿਲ੍ਹੇ ਅਧੀਨ ਆਉਂਦੇ ਪਿੰਡ ਚੂਹੜਚੱਕ ਨਵਾਂ ਵਿੱਚ ਸਰਪੰਚੀ ਲਈ ਐਨਆਰਆਈ ਬਲਵੀਰ ਕੌਰ ਤੇ ਪੰਚ ਦੇ ਅਹੁਦੇ ਲਈ ਉਸ ਦੇ ਪਤੀ ਰੇਸ਼ਮ ਸਿੰਘ ਚੋਣ ਮੈਦਾਨ ਵਿੱਚ ਹਨ। ਦੋਵੇਂ ਜੀਅ ਆਪਣੇ ਪਿੰਡ ਦੀ ਨੁਹਾਰ ਬਦਲਣ ਲਈ ਵਿਦੇਸ਼ ਤੋਂ ਪਿੰਡ ਪਰਤੀ ਹਨ। ਪਿੰਡ ਵਾਸੀਆਂ ਨੂੰ ਵੀ ਉਮੀਦ ਹੈ ਕਿ ਬਲਬੀਰ ਕੌਰ ਪਿੰਡ ਦਾ ਚੰਗਾ ਧਿਆਨ ਰੱਖੇਗੀ ਕਿਉਂਕਿ ਉਹ ਪੜ੍ਹੀ ਲਿਖੀ ਹੈ ਤੇ ਦੂਜਾ ਪਿੰਡ ਬਾਰੇ ਪੂਰੀ ਜਾਣਕਾਰੀ ਵੀ ਹੈ। ਪਿੰਡ ਵਾਸੀਆਂ ਅਨੁਸਾਰ ਇਹ ਐਨਆਰਆਈ ਪਰਿਵਾਰ ਪਹਿਲਾਂ ਹੀ ਪਿੰਡ ਲਈ ਕਾਫੀ ਕੰਮ ਕਰ ਰਿਹਾ ਹੈ ਤੇ ਉਤੋਂ ਜੇ ਉਨ੍ਹਾਂ ਨੂੰ ਸਰਪੰਚੀ ਵਾਲੀ ਸੀਟ ਤੇ ਗ੍ਰਾਂਟ ਵੀ ਮਿਲ ਜਾਏ ਤਾਂ ਉਨ੍ਹਾਂ ਦਾ ਪਿੰਡ ਮਾਡਰਨ ਪਿੰਡ ਬਣ ਜਾਵੇਗਾ।



ਉੱਧਰ ਬਲਵੀਰ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਵਿੱਚ ਨਾ ਕੋਈ ਹਸਪਤਾਲ ਹੈ ਤੇ ਨਾ ਹੀ ਬੱਚਿਆਂ ਦੀ ਚੰਗੀ ਸਿੱਖਿਆ ਲਈ ਕੋਈ ਵਧੀਆ ਸਕੂਲ ਹੈ। ਪੰਜਵੀਂ ਜਮਾਤ ਮਗਰੋਂ ਲੜਕੀਆਂ ਨੂੰ ਦੂਜੇ ਪਿੰਡ ਪੜ੍ਹਨ ਜਾਣਾ ਪੈਂਦਾ ਹੈ। ਪਿੰਡ ਵਿੱਚ ਪਾਣੀ ਦੀ ਨਿਕਾਸੀ ਲਈ ਵੀ ਕੋਈ ਵਧੀਆ ਢੰਗ ਮੌਜੂਦ ਨਹੀਂ ਹੈ। ਅੱਜ ਦੇ ਸਮੇਂ ਸਾਫ਼ ਪਾਣੀ ਅਤੇ ਵਾਤਾਵਰਨ ਹਰ ਇੱਕ ਲਈ ਅਹਿਮ ਹੈ ਅਤੇ ਸਾਡੇ ਪਿੰਡ ‘ਚ ਪੀਣ ਲਈ ਸਾਫ਼ ਪਾਣੀ ਨਹੀਂ ਪਹੁੰਚਦਾ। ਉਨ੍ਹਾਂ ਕਿਹਾ ਕਿ ਜੇਕਰ ਪਿੰਡ ਵਾਸੀ ਜਿਤਾਉਂਦੇ ਹਨ ਤਾਂ ਪਿੰਡ ਵੱਧ ਤਰੱਕੀ ਕਰ ਸਕਦਾ ਹੈ।