ਬਰਨਾਲਾ: ਜ਼ਿਲ੍ਹੇ ਦੇ ਦੋ ਪਿੰਡਾਂ ਨੂੰ ਐਨਆਰਆਈ ਸਰਪੰਚ ਮਿਲ ਸਕਦੇ ਹਨ। ਜਿੱਥੇ ਪਿੰਡ ਟੱਲੇਵਾਲ ਵਿੱਚ ਐਨਆਰਆਈ ਹਰਸ਼ਰਨ ਸਿੰਘ ਨੂੰ ਸਰਬਸੰਮਤੀ ਨਾਲ ਪਿੰਡ ਦਾ ਮੁਖੀ ਚੁਣ ਲਿਆ ਹੈ, ਉੱਥੇ ਹੀ ਪਿੰਡ ਹਮੀਦੀ ਤੋਂ ਅਮਰੀਕਾ ਤੋਂ ਪਰਤੀ ਸੁਦੇਸ਼ ਰਾਣੀ ਸਰਪੰਚੀ ਦੀ ਚੋਣ ਲੜ ਰਹੀ ਹੈ। 32 ਸਾਲ ਦਾ ਹਰਸ਼ਰਨ ਸਿੰਘ ਕੈਨੇਡਾ ਦਾ ਹੀ ਪੜ੍ਹਿਆ-ਲਿਖਿਆ ਹੈ। ਉਸ ਦਾ ਦਾਅਵਾ ਹੈ ਕਿ ਉਹ ਪਿੰਡ ਦਾ ਵਿਕਾਸ ਕੈਨੇਡਾ ਦੀ ਤਰਜ਼ 'ਤੇ ਹੀ ਕਰੇਗਾ।
ਹਰਸ਼ਰਨ ਸਿੰਘ 1996 ਵਿੱਚ ਪਰਿਵਾਰ ਸਮੇਤ ਕੈਨੇਡਾ ਦੇ ਸਰੀ ਸ਼ਹਿਰ ਚਲਿਆ ਗਿਆ। ਉੱਥੋਂ ਦੀ ਪੱਕੀ ਰਿਹਾਇਸ਼ ਹਾਸਲ ਕੀਤੀ। ਉਸ ਦੇ ਪਿਤਾ ਸੁਰਜੀਤ ਸਿੰਘ ਪਿੰਡ ਦੇ ਸਰਪੰਚ ਤੇ ਬਰਨਾਲਾ ਦੀ ਟਰੱਕ ਯੂਨੀਅਨ ਦੇ ਪ੍ਰਧਾਨ ਸਨ। ਇਹੋ ਤਾਂਘ ਹਰਸ਼ਰਨ ਦੇ ਮਨ ਵਿੱਚ ਵੀ ਸੀ। ਹਰਸ਼ਰਨ ਨੇ ਕੈਨੇਡਾ ਵਿੱਚ ਹੀ ਪੜ੍ਹਾਈ ਕੀਤੀ ਪਰ ਉਚੇਰੀ ਵਿੱਦਿਆ ਦੀ ਥਾਂ ਕੰਮਕਾਜ ਕਰਨ ਨੂੰ ਤਰਜੀਹ ਦਿੱਤੀ। ਹਰਸ਼ਰਨ ਕੈਨੇਡਾ ਵਿੱਚ ਪੇਸ਼ੇ ਵਜੋਂ ਟਰੱਕ ਚਲਾਉਂਦਾ ਸੀ। ਹੁਣ ਪਿੰਡ ਆ ਕੇ ਸਿਆਸੀ ਸਫ਼ਰ ਦੀ ਸ਼ੁਰੂਆਤ ਕਰ ਰਿਹਾ ਹੈ। ਪੰਜਾਬ ਵਾਪਸ ਆ ਕੇ ਉਸ ਨੇ ਆਪਣੀ ਵੋਟ ਤੇ ਹੋਰ ਕਾਗ਼ਜ਼-ਪੱਤਰ ਪੂਰੇ ਕੀਤੇ ਤੇ ਸਿਆਸਤ ਵਿੱਚ ਕੁੱਦ ਪਿਆ।
ਇਸ ਐਨਆਰਆਈ ਸਰਪੰਚ ਨੂੰ ਕਾਂਗਰਸ ਦੀ ਹਮਾਇਤ ਹਾਸਲ ਹੈ ਤੇ ਪਿੰਡ ਵਿੱਚ ਆਪਣੇ ਪਿਤਾ ਦਾ ਚੰਗਾ ਰਸੂਖ ਹੋਣ ਕਾਰਨ ਉਸ ਨੂੰ ਪਿੰਡ ਵਾਲਿਆਂ ਦਾ ਭਰੋਸਾ ਜਿੱਤਣ ਵਿੱਚ ਵੀ ਕੋਈ ਮੁਸ਼ਕਲ ਵੀ ਹਾਸਲ ਨਾ ਹੋਈ। ਸਰਪੰਚ ਸਮੇਤ 10 ਪੰਚ ਪਿੰਡ ਦੀ ਪੰਚਾਇਤ ਚਲਾਉਂਦੇ ਹਨ, ਜਿਨ੍ਹਾਂ ਵਿੱਚੋਂ ਛੇ ਦੀ ਚੋਣ ਵੀ ਸਰਬਸੰਮਤੀ ਨਾਲ ਕਰ ਲਈ ਗਈ ਹੈ। ਹਰਸ਼ਰਨ ਸਿੰਘ ਦਾ ਕਹਿਣਾ ਹੈ ਕਿ ਉਹ ਪਿੰਡ ਦਾ ਵਿਕਾਸ ਕੈਨੇਡਾ ਦੀ ਤਰਜ਼ 'ਤੇ ਕਰਨਾ ਚਾਹੁੰਦਾ ਹੈ।
ਸਿੱਖਿਆ, ਸਿਹਤ ਤੇ ਹੋਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਤੇ ਉਨ੍ਹਾਂ ਦੀ ਗੁਣਵੱਤਾ ਸੁਧਾਰਨਾ ਹਰਸ਼ਰਨ ਲਈ ਚੈਲੰਜ ਹੈ। ਇਸ ਤੋਂ ਇਲਾਵਾ ਉਸ ਲਈ ਹੋਰ ਚੈਲੰਜ ਹੈ ਪਰਿਵਾਰ ਦਾ ਕੈਨੇਡਾ ਵਿੱਚ ਰਹਿਣਾ ਪਰ ਹਰਸ਼ਰਨ ਸਿੰਘ ਦਾ ਇਰਾਦਾ ਹੈ ਕਿ ਉਹ ਆਪਣੀ ਪਤਨੀ, ਪੁੱਤਰ ਤੇ ਮਾਤਾ ਨੂੰ ਵੀ ਹੌਲੀ-ਹੌਲੀ ਪਿੰਡ ਹੀ ਲੈ ਆਵੇਗਾ ਤੇ ਪੂਰੇ ਇਲਾਕੇ ਵਿੱਚੋਂ ਪਿੰਡ ਨੂੰ ਮੋਹਰੀ ਬਣਾ ਦੇਵੇਗਾ।
ਉੱਧਰ, ਹਮੀਦੀ ਦੀ ਸੁਦੇਸ਼ ਰਾਣੀ ਦਾ ਕਹਿਣਾ ਹੈ ਕਿ ਸਰਪੰਚ ਚੁਣੇ ਜਾਣ 'ਤੇ ਉਹ ਆਪਣੇ ਪਿੰਡ ਅੰਦਰ ਹੀ ਅਮਰੀਕਾ ਜਿਹੀਆਂ ਸਹੂਲਤਾਂ ਤੇ ਸਾਫ਼-ਸਫ਼ਾਈ ਦਾ ਪ੍ਰਬੰਧ ਕਰੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਪਿੰਡ ਦੀਆਂ ਸਮੱਸਿਆਵਾਂ ਤੋਂ ਉਹ ਚੰਗੀ ਤਰ੍ਹਾਂ ਵਾਕਫ਼ ਹਨ ਤੇ ਉਹ ਵਿਦੇਸ਼ ਦੀ ਤਰਜ਼ 'ਤੇ ਹੀ ਇਨ੍ਹਾਂ ਦਾ ਹੱਲ ਕਰਨਗੇ। ਦੋਵੇਂ ਪਿੰਡਾਂ ਦੇ ਵਾਸੀ ਆਪਣੇ ਐਨਆਰਆਈ ਸਰਪੰਚਾਂ ਬਾਰੇ ਕਾਫੀ ਉਤਸ਼ਾਹਿਤ ਹਨ। ਦੇਖਣਾ ਹੋਵੇਗਾ ਕਿ ਸਰਪੰਚ ਬਣਨ ਤੋਂ ਬਾਅਦ ਇਹ ਬਾਕੀ ਸਰਪੰਚਾਂ ਦੇ ਮੁਕਾਬਲੇ ਕਿਸ ਤਰ੍ਹਾਂ ਆਪਣੇ ਪਿੰਡਾਂ ਨੂੰ ਅੱਗੇ ਲੈ ਕੇ ਜਾਣਗੇ।