ਕਾਗਜ਼ ਰੱਦ ਹੋਣ ਮਗਰੋਂ ਬਹੁਤੇ ਉਮੀਦਵਾਰ ਬਿਨਾ ਮੁਕਾਬਲਾ ਜੇਤੂ ਐਲਾਨ ਦਿੱਤੇ ਗਏ ਹਨ। ਹਾਸਲ ਵੇਰਵਿਆਂ ਮੁਤਾਬਕ ਫਰੀਦਕੋਟ ਜ਼ਿਲ੍ਹੇ ਵਿੱਚ ਸਰਪੰਚੀ ਦੀਆਂ 243 ਸੀਟਾਂ ਹਨ ਤੇ 101 ਬਿਨਾਂ ਮੁਕਾਬਲਾ ਚੁਣੇ ਗਏ ਹਨ। ਹੁਣ 142 ਸੀਟਾਂ ਲਈ ਹੀ ਹੁਣ ਮੁਕਾਬਲਾ ਹੋਵੇਗਾ। ਬਰਨਾਲਾ ਦੀਆਂ 175 ਪੰਚਾਇਤਾਂ ਵਿੱਚੋਂ 27 ਸਰਪੰਚ ਬਿਨਾਂ ਮੁਕਾਬਲਾ ਚੁਣੇ ਗਏ ਹਨ ਤੇ 148 ਲਈ ਚੋਣ ਹੋਵੇਗੀ। ਅੰਮ੍ਰਿਤਸਰ ਦੀਆਂ 860 ਪੰਚਾਇਤਾਂ ਲਈ 3,146 ਸਰਪੰਚੀ ਦੇ ਦਾਅਵੇਦਾਰ ਮੈਦਾਨ ’ਚ ਹਨ।
ਇਸੇ ਤਰ੍ਹਾਂ ਫਾਜ਼ਿਲਕਾ ਵਿਚ ਇਕ ਸਰਪੰਚੀ ਲਈ ਸਹਿਮਤੀ ਹੋਈ ਹੈ ਤੇ ਬਾਕੀ 1658 ਉਮੀਦਵਾਰ ਮੈਦਾਨ ਵਿਚ ਹਨ। ਕਪੂਰਥਲਾ ਵਿੱਚ 546 ਪੰਚਾਇਤਾਂ ਲਈ 678 ਵੱਲੋਂ ਕਾਗਜ਼ ਵਾਪਸ ਲੈਣ ਤੋਂ ਬਾਅਦ 1004 ਉਮੀਦਵਾਰ ਮੈਦਾਨ ਵਿੱਚ ਡਟੇ ਹੋਏ ਹਨ। ਪਠਾਨਕੋਟ ਵਿਚ 662 ਵੱਲੋਂ ਕਾਗਜ਼ ਵਾਪਸ ਲੈਣ ਪਿੱਛੋਂ ਸਰਪੰਚੀ ਦੇ 1147 ਉਮੀਦਵਾਰ ਮੈਦਾਨ ਵਿੱਚ ਹਨ। ਸ਼ਹੀਦ ਭਗਤ ਸਿੰਘ ਨਗਰ ਦੀਆਂ 466 ਪੰਚਾਇਤਾਂ ਵਿੱਚੋਂ 159 ਲਈ ਸਰਬਸੰਮਤੀ ਹੋ ਗਈ ਹੈ ਤੇ ਬਾਕੀ ਲਈ 706 ਉਮੀਦਵਾਰ ਮੈਦਾਨ ਵਿਚ ਹਨ।
ਫਤਿਹਗੜ੍ਹ ਸਾਹਿਬ ਜ਼ਿਲੇ ਦੀਆਂ 427 ਪੰਚਾਇਤਾਂ ਲਈ 133 ਨੇ ਕਾਗਜ਼ ਵਾਪਸ ਲੈ ਲਏ ਹਨ ਤੇ 1597 ਉਮੀਦਵਾਰ ਚੋਣ ਮੈਦਾਨ ਵਿਚ ਡਟ ਗਏ ਹਨ। ਇਸੇ ਤਰ੍ਹਾਂ ਫਿਰੋਜ਼ਪੁਰ ਦੀਆਂ 835 ਪੰਚਾਇਤਾਂ ਲਈ 375 ਉਮੀਦਵਾਰਾਂ ਨੇ ਕਾਗਜ਼ ਵਾਪਸ ਲਏ ਹਨ ਤੇ 1950 ਮੈਦਾਨ ਵਿਚ ਹਨ। ਅੰਦਾਜ਼ੇ ਮੁਤਾਬਕ ਇੱਕ ਹਜ਼ਾਰ ਤੋਂ ਵੱਧ ਪੰਚਾਇਤਾਂ ਸਰਬਸੰਮਤੀ ਨਾਲ ਚੁਣੇ ਦੀ ਸੰਭਾਵਨਾ ਹੈ ਪਰ ਪੰਚਾਇਤ ਵਿਭਾਗ ਦੀ ਅੱਠ ਜ਼ਿਲ੍ਹਿਆਂ ਦੀ ਜਾਣਕਾਰੀ ਅਨੁਸਾਰ ਕੇਵਲ 382 ਸਰਪੰਚ ਅਤੇ ਪੰਜ ਹਜ਼ਾਰ ਤੋਂ ਵੱਧ ਪੰਚ ਬਿਨਾਂ ਮੁਕਾਬਲਾ ਚੁਣੇ ਗਏ ਹਨ।
ਪਤਾ ਲੱਗਾ ਹੈ ਕਿ ਅਨੇਕਾਂ ਉਮੀਦਵਾਰਾਂ ਦੇ ਕਾਗਜ਼ ਚੁੱਲ੍ਹਾ ਟੈਕਸ ਨਾ ਭਰੇ ਜਾਣ ਕਰਕੇ ਰੱਦ ਕਰ ਦਿੱਤੇ ਗਏ ਹਨ। ਕੁਝ ਜ਼ਿਲ੍ਹਿਆਂ ਵਿੱਚ ਹਾਕਮ ਧਿਰ ਦੇ ਅਸਰ ਰਸੂਖ ਵਾਲੇ ਆਗੂਆਂ ਦੇ ਹਮਾਇਤੀ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੇ ਗਏ ਹਨ।