ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਗਾਮੀ ਪੰਚਾਇਤੀ ਚੋਣਾਂ 'ਚ ਸਰਬਸੰਮਤੀ ਨੂੰ ਪਹਿਲ ਦੇਣ ਤੇ ਪੜ੍ਹੇ-ਲਿਖੇ, ਬੇਦਾਗ਼ ਤੇ ਨੌਜਵਾਨ ਚਿਹਰਿਆਂ ਨੂੰ ਆਪਸੀ ਸਹਿਮਤੀ ਨਾਲ ਪੰਚ ਤੇ ਸਰਪੰਚ ਚੁਣਨ।
ਪਾਰਟੀ ਦੀ ਕੋਰ ਕਮੇਟੀ ਦੇ ਚੇਅਰਮੈਨ ਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਅਕਾਲੀ ਦਲ-ਭਾਜਪਾ ਤੇ ਕਾਂਗਰਸ ਵਰਗੀਆਂ ਰਵਾਇਤੀ ਪਾਰਟੀਆਂ ਨੂੰ ਪੰਚਾਇਤੀ ਚੋਣਾਂ ਨੂੰ ਆਪਣੇ-ਆਪਣੇ ਵੋਟ ਬੈਂਕ ਲਈ ਹਥਿਆਰ ਵਜੋਂ ਵਰਤਿਆ ਤੇ ਲੋਕਾਂ ਨੂੰ ਆਪਸ ਵਿੱਚ ਵੰਡ ਕੇ ਗਲੀਆਂ-ਨਾਲੀਆਂ 'ਚ ਹੀ ਉਲਝਾਈ ਰੱਖਿਆ। ਨਤੀਜੇ ਵਜੋਂ ਅੱਜ 70 ਸਾਲ ਬਾਅਦ ਵੀ ਪੰਜਾਬ ਦੇ ਪਿੰਡ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਤੇ ਨਰਕ ਵਰਗੀ ਜ਼ਿੰਦਗੀ ਜੀਆਂ ਰਹੇ ਹਨ।
ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਜਦ ਤੱਕ ਪਿੰਡਾਂ ਦੇ ਲੋਕ ਆਪਸੀ ਰੰਜਸ਼ਾਂ ਤੇ ਵੰਡੀਆਂ 'ਚ ਉਲਝ ਕੇ ਚੰਗੇ ਤੇ ਅਗਾਂਹਵਧੂ ਨੌਜਵਾਨਾਂ ਨੂੰ ਪੰਚਾਇਤੀ ਦੇ ਰੂਪ 'ਚ ਨੁਮਾਇੰਦਗੀ ਨਹੀਂ ਦੇਣਗੇ ਉਦੋਂ ਤੱਕ ਪਿੰਡ ਬਹੁਪੱਖੀ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਰਹਿਣਗੇ। ਇਸ ਲਈ ਅੱਜ ਸਮੇਂ ਦੀ ਜ਼ਰੂਰਤ ਹੈ ਕਿ ਪਿੰਡਾਂ ਦੇ ਲੋਕ ਪਾਰਟੀਬਾਜ਼ੀ ਤੇ ਧੜੇਬਾਜ਼ੀ ਤੋਂ ਉੱਤੇ ਉੱਠ ਕੇ ਆਪਸੀ ਸਹਿਮਤੀ ਨਾਲ ਅਗਾਂਹਵਧੂ ਪੰਚਾਇਤਾਂ ਨੂੰ ਪਹਿਲ ਦੇਣ।
ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਿਧਾਂਤਕ ਤੇ ਵਿਹਾਰਕ ਤੌਰ 'ਤੇ ਪੰਚਾਇਤਾਂ ਨੂੰ ਸਰਬਸੰਮਤੀ ਨਾਲ ਚੁਣੇ ਜਾਣ ਦੀ ਵਕਾਲਤ ਕਰਦੀ ਹੈ, ਇਸ ਲਈ ਪਾਰਟੀ ਦੇ ਸੀਨੀਅਰ ਨੇਤਾ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਤੇ ਫ਼ਰੀਦਕੋਟ ਤੋਂ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਨੇ ਐਲਾਨ ਕੀਤਾ ਹੋਈ ਹੈ ਕਿ ਉਨ੍ਹਾਂ ਦੇ ਲੋਕ ਸਭਾ ਹਲਕਿਆਂ 'ਚ ਜਿਹੜੇ ਪਿੰਡ ਸਰਬਸੰਮਤੀ ਨਾਲ ਪੰਚਾਇਤ ਖ਼ਾਸ ਕਰ ਕੇ ਸਰਪੰਚ ਬਣਾਉਣਗੇ। ਉਨ੍ਹਾਂ ਪਿੰਡਾਂ ਨੂੰ 5-5 ਲੱਖ ਰੁਪਏ ਦੀ ਵਿਸ਼ੇਸ਼ ਗਰਾਂਟ ਵਿਕਾਸ ਕੰਮਾਂ ਲਈ ਇਨਾਮ ਵਜੋਂ ਤੁਰੰਤ ਦਿੱਤੀ ਜਾਵੇਗੀ।
ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਪੰਚਾਇਤੀ ਚੋਣਾਂ 'ਚ ਸਰਬਸੰਮਤੀ ਨੂੰ ਵਧਾਵਾ ਦੇਣ ਲਈ ਵਿਸ਼ੇਸ਼ ਘੋਸ਼ਣਾਵਾਂ ਕਰੇ ਤੇ ਤੈਅ ਇਨਾਮੀ ਰਾਸ਼ੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰੇ, ਕਿਉਂਕਿ ਪੰਜਾਬ ਸਰਕਾਰ ਨੇ ਦੋ-ਢਾਈ ਲੱਖ ਰੁਪਏ ਦਾ ਐਲਾਨ ਤਾਂ ਕੀਤਾ ਹੋਇਆ ਹੈ ਪਰ ਇਸ 'ਤੇ ਅਮਲ ਨਹੀਂ ਕੀਤਾ। ਪ੍ਰਿੰਸੀਪਲ ਬੁੱਧ ਰਾਮ ਨੇ ਦੂਸਰੇ ਸੰਸਦ ਤੇ ਰਾਜ ਸਭਾ ਮੈਂਬਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਆਪਣੇ ਆਪਣੇ ਇਲਾਕੇ 'ਚ ਸਰਬਸੰਮਤੀ ਨਾਲ ਪੰਚਾਇਤ ਚੁਣਨ ਵਾਲੇ ਪਿੰਡਾਂ ਨੂੰ 5 ਲੱਖ ਰੁਪਏ ਦੀ ਵਿਕਾਸ ਰਾਸ਼ੀ ਇਨਾਮ ਵਜੋਂ ਦੇਣ ਦੀ ਘੋਸ਼ਣਾ ਕਰਨ।
ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ 'ਆਪ' ਕੋਰ ਕਮੇਟੀ ਬੈਠਕ 'ਚ ਪੰਚਾਇਤੀ ਚੋਣਾਂ ਨੂੰ ਲੈ ਕੇ ਵਿਸਤਾਰ ਨਾਲ ਵਿਚਾਰ ਵਟਾਂਦਰੇ ਹੋਏ ਅਤੇ ਫ਼ੈਸਲਾ ਲਿਆ ਗਿਆ ਕਿ ਪਾਰਟੀ ਪੰਚਾਇਤੀ ਚੋਣਾਂ ਲਈ ਜਨ-ਜਾਗਰਨ ਮੁਹਿੰਮ ਵਿੱਢੇਗੀ। ਉਨ੍ਹਾਂ ਕਿਹਾ ਕਿ ਜੇਕਰ ਸਰਬਸੰਮਤੀ ਦੀ ਕੋਸ਼ਿਸ਼ ਸਿਰੇ ਨਹੀਂ ਚੜ੍ਹਦੀ ਤਾਂ ਵੀ ਪਿੰਡਾਂ ਦੇ ਲੋਕ ਇਸ ਗੱਲ 'ਤੇ ਪਹਿਰਾ ਦੇਣ ਕਿ ਉਹ ਇਮਾਨਦਾਰ, ਪੜ੍ਹੇ-ਲਿਖੇ ਅਤੇ ਨਸ਼ੇ ਵਗ਼ੈਰਾ ਨਾ ਵੰਡਣ ਵਾਲੇ ਉਮੀਦਵਾਰਾਂ ਨੂੰ ਹੀ ਪੰਚ-ਸਰਪੰਚ ਚੁਣਨ।