ਪੰਚਾਇਤੀ ਚੋਣਾਂ ਸਤੰਬਰ 'ਚ ਹੋਣਗੀਆਂ
ਏਬੀਪੀ ਸਾਂਝਾ | 24 Jun 2018 11:56 AM (IST)
ਚੰਡੀਗੜ੍ਹ: ਇਸ ਵਾਰ ਪੰਜਾਬ ਵਿੱਚ ਪੰਚਾਇਤੀ ਚੋਣਾਂ ਸਤੰਬਰ-ਅਕਤੂਬਰ ਵਿੱਚ ਹੋਣਗੀਆਂ। ਇਸ ਬਾਰੇ ਪੰਜਾਬ ਸਰਕਾਰ ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਪੰਚਾਂ-ਸਰਪੰਚਾਂ ਦੀ ਚੋਣ ਲਈ 10 ਸਤੰਬਰ ਤੇ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਲਈ 5 ਅਕਤੂਬਰ ਦੀ ਤਰੀਕ ਸੁਝਾਈ ਹੈ। ਹੁਣ ਅੰਤਮ ਚੋਣ ਪ੍ਰੋਗਰਾਮ, ਚੋਣ ਕਮਿਸ਼ਨਰ ਵੱਲੋਂ ਤੈਅ ਕੀਤਾ ਜਾਣਾ ਹੈ। ਸੂਤਰਾਂ ਮੁਤਾਬਕ ਵੋਟਰ ਲਿਸਟਾਂ ਤੇ ਚੋਣਾਂ ਦੇ ਹੋਰ ਕੰਮ ਵੀ ਮੁਕੰਮਲ ਨਹੀਂ ਹੋਏ। ਇਹ ਕੰਮ ਅਗਲੇ ਦੋ ਮਹੀਨਿਆਂ ਵਿੱਚ ਪੂਰੇ ਹੋ ਜਾਣਗੇ। ਇਸ ਕਰਕੇ ਚੋਣਾਂ ਸਤੰਬਰ-ਅਕਤੂਬਰ ਤੋਂ ਪਹਿਲਾਂ ਨਹੀਂ ਹੋਣਗੀਆਂ। ਯਾਦ ਰਹੇ ਪੰਚਾਇਤਾਂ ਦੀ ਮਿਆਦ ਜੁਲਾਈ ਦੇ ਅੰਤ ਵਿੱਚ ਖਤਮ ਹੋ ਰਹੀ ਹੈ। ਪਹਿਲਾਂ ਚਰਚਾ ਸੀ ਕਿ ਜੁਲਾਈ ਦੇ ਅੰਤ ਵਿੱਚ ਚੋਣਾਂ ਹੋ ਸਕਦੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਸਰਕਾਰ ਕਰਜ਼ਾ ਮਾਫੀ ਸਕੀਮ ਨੂੰ ਚੰਗੀ ਤਰ੍ਹਾਂ ਸਿਰੇ ਚੜ੍ਹ ਕੇ ਹੀ ਪੰਚਾਇਤੀ ਚੋਣਾਂ ਕਰਾਉਣਾ ਚਾਹੁੰਦੀ ਹੈ। ਕਰਜ਼ਾ ਮਾਫੀ ਦੀ ਮੱਠੀ ਚਾਲ ਤੇ ਕੁਝ ਗੜਬੜੀਆਂ ਕਰਕੇ ਪਿੰਡਾਂ ਵਿੱਚ ਸਰਕਾਰ ਪ੍ਰਤੀ ਰੋਹ ਹੈ। ਇਸ ਲਈ ਸਰਕਾਰ ਅਗਲੇ ਦੋ ਮਹੀਨਿਆਂ ਵਿੱਚ ਗੜਬੜੀਆਂ ਨੂੰ ਠੀਕ ਕਰਕੇ ਕਿਸਾਨਾਂ ਦੇ ਗਿਲੇ-ਸ਼ਿਕਵੇ ਦੂਰ ਕਰਨਾ ਚਾਹੁੰਦੀ ਹੈ।