ਫ਼ਰੀਦਕੋਟ: ਬੀਤੀ ਸੱਤ ਅਕਤੂਬਰ ਨੂੰ ਕੋਟਕਪੂਰਾ ਤੋਂ ਬਰਗਾੜੀ ਰੋਸ ਮਾਰਚ ਨਾਲ ਸਰਕਾਰ ਦੀਆਂ ਅੱਖਾਂ ਖੋਲ੍ਹਣ ਤੋਂ ਬਾਅਦ ਅਗਲਾ ਵੱਡਾ ਪ੍ਰੋਗਰਾਮ ਭਲਕੇ ਯਾਨੀ 14 ਅਕਤੂਬਰ ਨੂੰ ਕੋਟਕਪੂਰਾ ਗੋਲ਼ੀਕਾਂਡ ਦੀ ਬਰਸੀ ਹੋਵੇਗਾ। ਪਰ ਇਸ ਤੋਂ ਐਨ ਪਹਿਲਾਂ ਮੋਰਚੇ 'ਤੇ ਬੈਠੇ ਪੰਥਕ ਲੀਡਰਾਂ ਨੇ ਆਮ ਆਦਮੀ ਪਾਰਟੀ ਦੇ ਬਾਗ਼ੀਆਂ ਤੋਂ ਕਿਨਾਰਾ ਕਰ ਲਿਆ ਹੈ।
ਖਹਿਰਾ ਨਾਲ ਸਟੇਜ ਸਾਂਝੀ ਕਰ ਚੁੱਕੇ ਮੋਰਚੇ 'ਤੇ ਬੈਠੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਸਾਫ਼ ਕੀਤਾ ਕਿ ਸਰਕਾਰ ਨੂੰ 15 ਦਿਨਾਂ ਦਾ ਅਲਟੀਮੇਟਮ ਬਰਗਾੜੀ ਇਨਸਾਫ਼ ਮੋਰਚੇ ਨੇ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਉਸ ਦਿਨ ਤੋਂ ਬਾਅਦ ਉਨ੍ਹਾਂ ਦੀ 'ਆਪ' ਲੀਡਰਾਂ ਨਾਲ ਕੋਈ ਗੱਲਬਾਤ ਨਹੀਂ ਹੋਈ ਹੈ। ਸੂਤਰਾਂ ਮੁਤਾਬਕ ਮੋਰਚੇ 'ਤੇ ਬੈਠੇ ਧਾਰਮਿਕ ਆਗੂਆਂ ਵਿੱਚ ਸਿਆਸੀ ਲੀਡਰਾਂ ਵੱਲੋਂ ਰੋਸ ਮਾਰਚ ਵਿੱਚ ਲੋਕਾਂ ਦੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਦਾ ਕ੍ਰੈਡਿਟ ਆਪ ਲੈਣ ਤੋਂ ਰੋਸ ਪਾਇਆ ਜਾ ਰਿਹਾ ਹੈ।
ਮੋਰਚੇ 'ਤੇ ਬੈਠੇ ਸਿੱਖ ਆਗੂ ਧਿਆਨ ਸਿੰਘ ਮੰਡ ਨੇ ਵੀ ਕਿਹਾ ਕਿ ਸਰਕਾਰ ਦਾ ਸਾਰਾ ਜ਼ੋਰ ਇਨਸਾਫ ਦੇਣ ਦੀ ਥਾਂ ਦੋਸ਼ੀਆਂ ਨੂੰ ਬਚਾਉਣ ਵਿੱਚ ਲੱਗਿਆ ਹੋਇਆ ਹੈ। ਹਾਲਾਂਕਿ ਇਸ ਮਾਮਲੇ 'ਤੇ ਖਹਿਰਾ ਵੱਲੋਂ ਕੋਈ ਪ੍ਰਤੀਕਰਮ ਨਹੀਂ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ 14 ਅਕਤੂਬਰ 2015 ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਇਨਸਾਫ਼ ਦੀ ਮੰਗ ਕਰ ਰਹੇ ਲੋਕਾਂ 'ਤੇ ਪੁਲਿਸ ਨੇ ਕਥਿਤ ਤੌਰ 'ਤੇ ਗੋਲ਼ੀਆਂ ਚਲਾਈਆਂ ਗਈਆਂ ਸੀ। ਇਸ ਦੌਰਾਨ ਫ਼ਰੀਦਕੋਟ ਦੇ ਪਿੰਡ ਸਰਾਵਾਂ ਦੇ ਗੁਰਜੀਤ ਸਿੰਘ ਅਤੇ ਪਿੰਡ ਬਹਿਬਲ ਕਲਾਂ ਦੇ ਕ੍ਰਿਸ਼ਨ ਭਗਵਾਨ ਸਿੰਘ ਦੀ ਮੌਤ ਹੋ ਗਈ ਸੀ।
ਹੁਣ 14 ਅਕਤੂਬਰ ਨੂੰ ਉਨ੍ਹਾਂ ਦੀ ਤੀਜੀ ਬਰਸੀ ਮੌਕੇ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਦੇ ਪੁੱਜਣ ਦੀ ਆਸ ਹੈ। ਇਸ ਸਮਾਗਮ ਨੂੰ ਲੈਕੇ ਬਰਗਾੜੀ ਵਿੱਚ ਤਿਆਰੀਆਂ ਜ਼ੋਰ ਸ਼ੋਰ ਨਾਲ ਚਲ ਰਹੀਆਂ ਹਨ।