- ਪੰਥਕ ਅਸੈਂਬਲੀ ਨੂੰ ਸੰਬੋਧਨ ਕਰਦਿਆਂ ਪ੍ਰਗਟ ਸਿੰਘ ਭੋਲੀਪੁਰਾ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਕਬਜ਼ੇ ’ਚ ਕਰਕੇ ਸਿੱਖਾਂ ਦਾ ਭਾਰੀ ਨੁਕਸਾਨ ਕੀਤਾ।
- ਅਹਿਮਦਾਬਾਦ ਤੋਂ ਮੋਹਨਜੀਤ ਸਿੰਘ ਨੇ ਕਿਹਾ ਕਿ ਗੁਜਰਾਤ ਵਿਚ ਗੁਰਦੁਆਰਿਆਂ ਦੀ ਹੋਂਦ ਖਤਰੇ ਵਿਚ ਹੈ ਕਿਉਂਕਿ ਉਥੇ ਸਿਆਸੀ ਸਰਪ੍ਰਸਤੀ ਹੇਠ ਗੁਰਦੁਆਰਿਆਂ ਵਿਚ ਮੂਰਤੀਆਂ ਰੱਖਵਾ ਕੇ ਮਰਿਆਦਾ ਨੂੰ ਢਾਹ ਲਾਈ ਜਾ ਰਹੀ ਹੈ।
- ਸਾਬਕਾ ਆਈਏਐੱਸ ਪ੍ਰੋ. ਗੁਰਤੇਜ ਸਿੰਘ ਨੇ ਕਿਹਾ ਕਿ ਜਦੋਂ ਬਾਦਲਾਂ ਨੇ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਸੀ, ਉਦੋਂ ਹੀ ਅਕਾਲੀ ਦਲ ਖਤਮ ਹੋਣਾ ਸ਼ੁਰੂ ਹੋ ਗਿਆ ਸੀ।
- ਪਾਲ ਸਿੰਘ (ਫ਼ਰਾਂਸ) ਨੇ ਕਿਹਾ ਕਿ ਸਿੱਖ ਜਦ ਤਕ ਸਿਆਸੀ ਤੌਰ ‘ਤੇ ਮਜ਼ਬੂਤ ਨਹੀਂ ਬਣਦੇ, ਬੇਅਦਬੀਆਂ ਨਹੀਂ ਰੁਕਣਗੀਆਂ।
- ਸੁਖਪ੍ਰੀਤ ਸਿੰਘ ਉਦੋਕੇ ਨੇ ਬੇਅਦਬੀ ਮਾਮਲਿਆਂ ਦੀ ਗੱਲ ਕਰਦਿਆਂ ਕਿਹਾ ਕਿ ਸਿੱਖਾਂ ਨੂੰ ਆਪਣੇ ਦੁਸ਼ਮਣ ਦੀ ਸ਼ਨਾਖਤ ਕਰਨ ਦੀ ਲੋੜ ਹੈ।
ਦੋ ਦਿਨਾ ਪੰਥਕ ਕਚਹਿਰੀ 'ਚ ਬਾਦਲਾਂ ਦੇ ਬਾਈਕਾਟ ਤੇ 'ਕਠਪੁਤਲੀ' ਜਥੇਦਾਰ ਦੇ ਵਿਰੋਧ ਦੇ ਮਤੇ ਪਾਸ
ਏਬੀਪੀ ਸਾਂਝਾ | 22 Oct 2018 10:40 AM (IST)
ਪੁਰਾਣੀ ਤਸਵੀਰ
ਅੰਮ੍ਰਿਤਸਰ: ਸਿੱਖ ਬੁੱਧੀਜੀਵੀਆਂ ਵੱਲੋਂ ਪੰਥਕ ਅਸੈਂਬਲੀ ਵਿੱਚ ਪਾਸ ਮਤਿਆਂ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸੀਬਤਾਂ ਬੇਹੱਦ ਵਧਾ ਦਿੱਤੀਆਂ ਹਨ। ਇਨ੍ਹਾਂ ਮਤਿਆਂ ਵਿੱਚ ਬਰਗਾੜੀ ਮੋਰਚੇ ਦੀ ਪੂਰਨ ਹਮਾਇਤ, ਬਾਦਲ ਪਿਉ-ਪੁੱਤਰ ਦੇ ਸਿਆਸੀ ਬਾਈਕਾਟ ਅਤੇ 'ਕਠਪੁਤਲੀ' ਜਥੇਦਾਰ ਦੀ ਨਿਯੁਕਤੀ ਪ੍ਰਵਾਨ ਨਾ ਕਰਨ ਦੇ ਮਤੇ ਸ਼ਾਮਲ ਹਨ। ਇੱਕ ਹੋਰ ਮਤੇ ਰਾਹੀਂ ਡੇਰਾ ਸਿਰਸਾ ਤੇ ਇਸ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਬਹਿਬਲ ਕਲਾਂ, ਬਰਗਾੜੀ ਅਤੇ ਕੋਟਕਪੂਰਾ ਘਟਨਾਵਾਂ ਵਿਚ ਸ਼ਮੂਲੀਅਤ ਦੇ ਸੰਦਰਭ ਵਿਚ ਵਾਈਟ-ਪੇਪਰ ਪ੍ਰਕਾਸ਼ਤ ਕਰਨ ਦਾ ਫੈਸਲਾ ਲਿਆ ਗਿਆ। ਨਾਮ ਚਰਚਾ ਘਰਾਂ ’ਤੇ ਪੰਜਾਬ ਵਿਚ ਪਾਬੰਦੀ ਲਾਉਣ ਦੀ ਮੰਗ ਕੀਤੀ ਗਈ ਹੈ। ਇਨ੍ਹਾਂ ਮਤਿਆਂ ਨੂੰ ਪ੍ਰਵਾਨਗੀ ਦੇ ਕੇ ਪੰਥਕ ਅਸੈਂਬਲੀ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਹੈ। ਪੰਥਕ ਅਸੈਂਬਲੀ ਨੇ ਬਰਗਾੜੀ ਮੋਰਚੇ ਦੀ ਪੂਰਨ ਹਮਾਇਤ ਦਾ ਐਲਾਨ ਕਰਦਿਆਂ ਮੋਰਚੇ ਦੀਆਂ ਮੰਗਾਂ ਦੀ ਵੀ ਹਮਾਇਤ ਕੀਤੀ। ਪੰਥਕ ਅਸੈਂਬਲੀ ਵਿੱਚ ਵੱਖ-ਵੱਖ ਵਿਦਵਾਨਾਂ ਨੇ ਕਿਹਾ ਕਿ ਬਾਦਲ ਪਰਿਵਾਰ ਦੇ ਲਗਾਤਾਰ 'ਹੁਕਮ' ਕਬੂਲਣ ਵਾਲੇ ਗਿਆਨੀ ਗੁਰਬਚਨ ਸਿੰਘ ਨੂੰ ਪੰਥ ਵਿਰੋਧੀ, ਦੇਹਧਾਰੀ, ਗੁਰੂ-ਡੰਮ ਪੱਖੀ ਆਪਹੁਦਰੀਆਂ ਕਾਰਗੁਜ਼ਾਰੀਆਂ ਕਾਰਨ ਸਿੱਖ ਜਗਤ ਵਲੋਂ ਪਹਿਲਾਂ ਹੀ ਨਕਾਰਿਆ ਤੇ ਠੁਕਰਾਇਆ ਜਾ ਚੁੱਕਿਆ ਹੈ। ਸ਼੍ਰੋਮਣੀ ਕਮੇਟੀ ਤੋਂ ਮੰਗ ਕੀਤੀ ਗਈ ਕਿ ਬਹਿਬਲ ਕਲਾਂ ਦੇ ਦੋਵਾਂ ਸ਼ਹੀਦਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬਘਰ ਵਿਚ ਲਾਈਆਂ ਜਾਣ ਅਤੇ ਸਿਰਸਾ ਸਾਧ ਨੂੰ ਮੁਆਫ਼ੀ ਦੇਣ ਵਾਲੇ ਜਥੇਦਾਰ ਗਿਆਨੀ ਮੱਲ ਸਿੰਘ ਦੀ ਤਸਵੀਰ ਉਥੋਂ ਹਟਾਈ ਜਾਵੇ।